ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਧਾਇਕ ਜਾਂ ਸਿਆਸਤਦਾਨ 'ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗਦੇ ਹਨ ਤਾਂ ਉਸ ਦਾ ਮੂੰਹ ਕਾਲਾ ਕਰਨਾ ਚਾਹੀਦਾ ਹੈ।   ਰੰਧਾਵਾ ਨੇ ਕਿਹਾ ਲੋਕਾਂ ਨੂੰ ਜੁਅਰਤ ਨਾਲ ਖੜ੍ਹੇ ਹੋ ਕੇ ਲੀਡਰਾਂ 'ਤੇ ਉਂਗਲ ਚੁੱਕਣੀ ਚਾਹੀਦੀ ਹੈ ਕਿਉਂਕਿ ਵੋਟਾਂ ਪਾਉਣ ਵਾਲਿਆਂ ਨੂੰ ਲੀਡਰਾਂ ਦੀ ਜਵਾਬਦੇਹੀ ਦਾ ਪੂਰਾ ਅਧਿਕਾਰ ਹੈ। ਇਸ ਲਈ ਜੇਕਰ ਲੀਡਰ ਗਲਤ ਕੰਮ ਕਰਦੇ ਹਨ ਤਾਂ ਲੋਕਾਂ ਕੋਲ ਉਨ੍ਹਾਂ ਨੂੰ ਪੁੱਛਣ ਦਾ ਡੈਮੋਕ੍ਰੇਟਿਕ ਅਧਿਕਾਰ ਹੈ। ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਨਸ਼ੇ ਦੇ ਆਦੀ ਕੈਦੀਆਂ ਲਈ ਮੈਡੀਟੇਸ਼ਨ ਤੇ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਮੁਤਾਬਕ ਮਾਹਿਰਾਂ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਕਿ ਕੈਦੀਆਂ ਦਾ ਧਿਆਨ ਨਸ਼ੇ ਤੋਂ ਹਟਾ ਕੇ ਮੈਡੀਟੇਸ਼ਨ ਤੇ ਯੋਗਾ ਵਾਲੇ ਪਾਸੇ ਲਾਇਆ ਜਾ ਸਕੇ। 15 ਅਗਸਤ ਤੋਂ ਜੇਲ੍ਹ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਕੈਦੀਆਂ ਨਾਲ ਹਮਦਰਦੀ ਜਤਾਉਂਦੇ ਰੰਧਾਵਾ ਨੇ ਕਿਹਾ ਕਿ ਆਖਰਕਾਰ ਕੈਦੀ ਵੀ ਇਨਸਾਨ ਹਨ। ਅਪਰਾਧ ਕਰਨ ਦੀ ਸਜ਼ਾ ਭੁਗਤ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਨੀਅਤ ਵਾਲਾ ਨਾਹੌਲ ਪੂਰਾ ਦਿੱਤਾ ਜਾਵੇਗਾ।