ਕੈਪਟਨ ਖਿਲਾਫ ਚਾਰਜਸ਼ੀਟ ਨੂੰ ਕਾਂਗਰਸੀਆਂ ਨੇ ਨਕਾਰਿਆ
ਏਬੀਪੀ ਸਾਂਝਾ | 03 Dec 2016 03:58 PM (IST)
ਨਵੀਂ ਦਿੱਲੀ : ਆਮਦਨ ਕਰ ਵਿਭਾਗ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਸੰਪਤੀਆਂ ਦੇ ਮਾਮਲੇ ’ਚ ਜਾਂਚ ਨੂੰ ਲੈ ਕੇ ਦਾਖਲ ਕੀਤੇ ਗਏ ਦੋਸ਼ ਪੱਤਰ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਇਕਜੁੱਟ ਹੋ ਕੇ ਆਖਿਆ ਹੈ ਕਿ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਨੂੰ ਜਾਣ-ਬੁੱਝ ਕੇ ਮੀਡੀਆ 'ਚ ਚਾਰਜ਼ਸ਼ੀਟ ਵਜੋਂ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਾਂਗਰਸ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਦੀ ਅਦਾਲਤ 'ਚ ਦਿੱਤੀ ਗਈ ਸ਼ਿਕਾਇਤ, ਕੋਈ ਚਾਰਜ਼ਸ਼ੀਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਕ ਸ਼ਿਕਾਇਤ ਹੈ, ਜਿਸ 'ਤੇ ਅਦਾਲਤ ਨੇ ਅਜੇ ਧਿਆਨ ਦੇਣਾ ਹੈ। ਕਾਂਗਰਸੀ ਆਗੂਆਂ ਲਾਲ ਸਿੰਘ, ਸੁਨੀਲ ਜਾਖੜ ਤੇ ਕੇਵਲ ਢਿਲੋਂ ਨੇ ਸਾਂਝੇ ਬਿਆਨ ਵਿੱਚ ਆਖਿਆ ਹੈ ਕਿ ਇਹ ਕੋਸ਼ਿਸ ਪੰਜਾਬ ਦੇ ਵੋਟਰਾਂ ਸਾਹਮਣੇ ਕਾਂਗਰਸ ਦੀ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਹੈ। ਕਾਂਗਰਸੀ ਆਗੂਆਂ ਨੇ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਦੀ ਟਾਈਮਿੰਗ 'ਤੇ ਸਵਾਲ ਕਰਦਿਆਂ ਆਖਿਆ ਕਿ ਬੀਤੇ ਦੋ ਸਾਲਾਂ 'ਚ ਇਸ ਮੁੱਦੇ ਉਤੇ ਕੁਝ ਨਹੀਂ ਹੋਇਆ ਅਤੇ ਹੁਣ ਵਿਧਾਨ ਸਭਾ ਚੋਣਾਂ ਨੂੰ ਨੇੜੇ ਦੇਖਦਿਆਂ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰ ਦਿੱਤਾ। ਕਾਂਗਰਸ ਆਗੂਆਂ ਅਨੁਸਾਰ ਅਕਾਲੀ ਦਲ-ਭਾਜਪਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਅਕਸ ਖ਼ਰਾਬ ਕਰਨ ਵਾਸਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਸ਼ੁੱਕਰਵਾਰ ਨੂੰ ਖੁਦ ਵਿਦੇਸ਼ੀ ਜਾਇਦਾਦਾਂ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਤੇ ਉਨ੍ਹਾਂ ਖਿਲਾਫ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਅਦਾਲਤ ਨੂੰ ਵਿੱਤ ਮੰਤਰੀ ਤੇ ਇਨਕਮ ਟੈਕਸ ਵਿਭਾਗ ਦੇ ਹੋਰ ਸੀਨੀਅਰ ਅਫਸਰਾਂ ਨੂੰ ਸੰਮਨ ਭੇਜਣ ਦੀ ਅਪੀਲ ਕਰਨਗੇ, ਤਾਂ ਜੋ ਇਸ ਸਾਜਿਸ਼ 'ਚ ਸ਼ਾਮਿਲ ਸਾਰੇ ਲੋਕਾਂ ਦਾ ਭਾਂਡਾਫੋੜ ਕੀਤਾ ਜਾ ਸਕੇ।