ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਾਰਟੀ ਨੇ ਸ਼ਾਇਦ ਸੋਚਿਆ ਹੀ ਨਹੀਂ ਸੀ ਕਿ ਛੋਟੇਪੁਰ ਨੂੰ ਕਨਵੀਨਰੀ ਤੋਂ ਹਟਾਉਣ ਲਈ ਪਾਰਟੀ ਇਸ ਤਰ੍ਹਾਂ ਦੋਫਾੜ ਹੋ ਜਾਏਗੀ। ਪਾਰਟੀ ਦੇ 13 ਵਿੱਚੋਂ ਛੇ ਜ਼ੋਨ ਇੰਚਾਰਜ਼ ਛੋਟੇਪੁਰ ਦੇ ਹੱਕ ਵਿੱਚ ਡਟ ਗਏ ਹਨ। ਇਸ ਤੋਂ ਇਲਾਵਾ ਹੋਰ ਲੀਡਰ ਵੀ ਉਨ੍ਹਾਂ ਦੀ ਦੱਬੀ ਸੁਰ ਵਿੱਚ ਇਸ ਗੱਲੋਂ ਹਮਾਇਤ ਕਰ ਰਹੇ ਹਨ ਕਿ ਦਿੱਲੀ ਦੀ ਲੀਡਰਸ਼ਿਪ ਦੀ ਪੰਜਾਬ ਵਿੱਚ ਦਖ਼ਲਅੰਦਾਜ਼ੀ ਘਟਾਈ ਜਾਵੇ।
ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਉੱਠੇ ਤੁਫਾਨ ਨੂੰ ਸ਼ਾਂਤ ਕਰਨ ਲਈ ਪੰਜਾਬ ਦੇ ਇੰਚਾਰਜ਼ ਸੰਜੇ ਸਿੰਘ ਨੇ ਬੁੱਧਵਾਰ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਛੋਟਪੁਰ ਤੋਂ ਕੋਰਾ ਜਵਾਬ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਹਾਲਤ ਬਣ ਗਈ ਹੈ। ਪਤਾ ਲੱਗਾ ਹੈ ਕਿ ਸੰਜੇ ਸਿੰਘ ਮਾਮਲੇ ਦਾ ਕੋਈ ਹੱਲ ਕੱਢਣ ਲਈ ਦਿੱਲੀ ਪਹੁੰਚ ਗਏ ਹਨ। ਸੰਜੇ ਸਿੰਘ ਨੇ ਵੀ ਛੋਟੇਪੁਰ ਨਾਲ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।
ਛੋਟੇਪੁਰ ਨੇ ਕਿਹਾ ਹੈ ਕਿ ਸੰਜੇ ਸਿੰਘ ਉਨ੍ਹਾਂ ਕੋਲ ਰਾਤ 12 ਵਜੇ ਆਏ ਸਨ ਤੇ ਉਨ੍ਹਾਂ ਨੂੰ ਮਨਾ ਰਹੇ ਸਨ। ਉਨ੍ਹਾਂ ਸੰਜੇ ਨੂੰ ਕਿਹਾ ਕਿ ਉਨ੍ਹਾਂ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਲੋਕਾਂ ਦੇ ਆਸਰੇ ਬਚ ਗਿਆ ਤੇ ਹੁਣ ਤੁਹਾਡਾ ਸਾਥ ਨਹੀਂ ਦੇ ਸਕਦਾ। ਛੋਟੇਪੁਰ ਮੰਨਦੇ ਹਨ ਕਿ ਉਨ੍ਹਾਂ ਦਾ ਦੁਬਾਰਾ ਜਨਮ ਹੋਇਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤਾਂ ਉਨ੍ਹਾਂ ਨੂੰ ਮਾਰ ਕੇ ਦੱਬ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੁਨੀਆ ਏਧਰ ਦੀ ਓਧਰ ਹੋ ਜਾਵੇ ਉਹ ਕਦੇ ਮੁੜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਛੋਟੇਪੁਰ ਦੇ ਇਹ ਤੇਵਰ ਦੱਸਦੇ ਹਨ ਕਿ ਉਹ ਹੁਣ ਵਾਪਸ ਨਹੀਂ ਮੁੜਨਗੇ।