ਅੰਮ੍ਰਿਤਸਰ: ਕਥਿਤ ਸਟਿੰਗ ਮਾਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾ ਚੁੱਕੇ ਸੁੱਚਾ ਸਿੰਘ ਛੋਟੇਪੁਰ 3 ਸਤੰਬਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਦੇ ਨਾਲ ਹੋਣਗੇ। ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਛੋਟੇਪੁਰ ਆਪਣੀ ਅਗਲੀ ਰਣਨੀਤੀ ਕਰ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਜ਼ੋਨ ਇੰਚਾਰਜ ਗੁਰਰਿੰਦਰ ਸਿੰਘ ਬਾਜਵਾ ਨੇ ਦੱਸਿਆ ਕੇ ਛੋਟੇਪੁਰ 3 ਸਤੰਬਰ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਕੋਈ ਵੱਡਾ ਐਲਾਨ ਕਰਨਗੇ। ਬਾਜਵਾ ਤੋਂ ਇਲਾਵਾ ਛੋਟੇਪੁਰ ਦੇ ਸਮਰਥਨ ਵਿੱਚ ਉੱਤਰੇ ਕਈ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਛੋਟੇਪੁਰ ਦੇ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ।
ਬਾਜਵਾ ਨੇ ਦੱਸਿਆ ਕਿ ਛੋਟੇਪੁਰ ਦੀ ਅਗਵਾਈ ਵਿੱਚ ਕਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਦਿਨ-ਰਾਤ ਸਖਤ ਮਿਹਨਤ ਕਰਕੇ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕੀਤਾ ਹੈ ਪਰ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਛੋਟੇਪੁਰ ਨੂੰ ਸੂਬੇ ਦੇ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜਿਸ ਨਾਲ ਪਾਰਟੀ ਦੇ ਵਰਕਰਾਂ ਵਿੱਚ ਖਾਸ ਰੋਸ ਹੈ।