ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੋਹ ਲੈਣ ਮਗਰੋਂ ਪਾਰਟੀ ਦੇ ਸਾਬਕਾ ਲੀਡਰ ਸੁੱਚਾ ਸਿੰਘ ਛੋਟੇਪੁਰ ਨੇ ਸੁਖਪਾਲ ਖਹਿਰਾ ਨੂੰ ਹਰੀ ਝੰਡੀ ਦਿਖਾਉਂਦਿਆਂ ਤੀਜਾ ਫਰੰਟ ਬਣਾਉਣ ਦਾ ਸੱਦਾ ਦਿੱਤਾ ਹੈ।
ਛੋਟੇਪੁਰ ਨੇ ਦਾਅਵਾ ਕੀਤਾ ਕਿ ਜੇਕਰ ਖਹਿਰਾ ਆਪ ਦਾ ਪੱਲਾ ਛੱਡਦੇ ਹਨ ਤਾਂ ਉਹ ਤੀਜਾ ਫਰੰਟ ਜ਼ਰੂਰ ਬਣਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਤੀਜਾ ਫਰੰਟ ਬਣਦਾ ਹੈ ਤਾਂ ਕਾਂਗਰਸ ਤੇ ਅਕਾਲੀ ਦਲ ਨੂੰ ਬਰਾਬਰ ਦੀ ਟੱਕਰ ਦੇ ਕੇ ਜਿੱਤ ਹਾਸਲ ਕਰਨ ਦਾ ਦਮ ਰੱਖਦੇ ਹਾਂ।
ਛੋਟੇਪੁਰ ਨੇ ਖਹਿਰੇ ਨੂੰ ਅਹੁਦੇ ਤੋਂ ਲਾਂਭੇ ਕਰਨ 'ਤੇ ਬੋਲਦਿਆਂ ਕਿਹਾ ਕਿ ਪਾਰਟੀ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਖਿਲਾਫ ਵੀ ਏਦਾਂ ਹੀ ਸਾਜ਼ਿਸ਼ ਰਚੀ ਸੀ ਜਿਸ ਦਾ ਸ਼ਿਕਾਰ ਅੱਜ ਸੁਖਪਾਲ ਸਿੰਘ ਖਹਿਰਾ ਹੋਏ ਹਨ।
ਛੋਟੇਪੁਰ ਨੇ ਕਿਹਾ ਕਿ ਖਹਿਰਾ ਨੂੰ ਆਪ ਹੀ ਅਹੁਦਾ ਛੱਡ ਦੇਣਾ ਚਾਹੀਦਾ ਸੀ। ਇਸ ਮੌਕੇ ਛੋਟੇਪੁਰ ਨੇ ਆਮ ਆਦਮੀ ਪਾਰਟੀ ਦਿੱਲੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਾਲੇ ਲੀਡਰਾਂ ਨੂੰ ਪੰਜਾਬ ਨਾਲ ਸਦਾ ਹੀ ਤਕਲੀਫ ਰਹੀ ਹੈ।
ਦੂਜੇ ਪਾਸੇ ਸੁਖਪਾਲ ਖਹਿਰਾ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ 'ਚ ਆਮ ਆਦਮੀ ਪਾਰਟੀ ਛੱਡਣ ਅਤੇ ਕਿਸੇ ਤਰ੍ਹਾਂ ਦਾ ਵੀ ਤੀਜਾ ਫਰੰਟ ਬਣਾਉਣ ਦਾ ਕੋਈ ਸੰਕੇਤ ਨਹੀਂ ਦਿੱਤਾ।