ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੁਖਪਾਲ ਖਹਿਰਾ ਨੇ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਖਹਿਰਾ ਨਾਲ ਅੱਠ ਵਿਧਾਇਕ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਤੇ ਭਵਿੱਖੀ ਸਰਗਰਮੀ ਬਾਰੇ ਜਾਣਕਾਰੀ ਦਿੱਤੀ।   ਸੁਖਪਾਲ ਖਹਿਰਾ ਨਾਲ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਮੋੜ ਮੰਡੀ ਤੋਂ ਜਗਦੇਵ ਕਮਾਲੂ, ਖਰੜ ਤੋਂ ਕੰਵਰ ਸੰਧੂ, ਰਾਏਕੋਟ ਤੋਂ ਜਗਤਾਰ ਜੱਗਾ, ਭਦੌੜ ਤੋਂ ਪਿਰਮਿਲ਼ ਸਿੰਘ, ਮਾਨਸਾ ਤੋਂ ਨਾਜ਼ਰ ਮਾਨਸ਼ਾਹੀਆ, ਜੈ ਕਿਸ਼ਨ ਰੋੜੀ ਤੇ ਰੁਪਿੰਦਰ ਰੂਬੀ ਡਟ ਕੇ ਖੜ੍ਹੇ ਹਨ। ਇਸ ਮੌਕੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਅਸੀਂ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਤੇ ਸਾਨੂੰ ਲੱਗਦਾ ਕਿ ਉਹ ਮੌਜੂਦਾ ਸੰਕਟ ਨੂੰ ਹੱਲ ਕਰਨਗੇ। ਬਹੁਤ ਸਾਰੇ ਲੋਕ ਅਸਤੀਫ਼ੇ ਦੇ ਰਹੇ ਹਨ। ਅਸੀਂ ਆਮ ਆਦਮੀ ਪਾਰਟੀ ਵਿੱਚ ਹਾਂ ਤੇ ਪਾਰਟੀ ਸਾਡੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਲਕਿਆਂ ਵਿੱਚ ਜਾ ਕੇ ਸਾਡੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। 2 ਅਗਸਤ ਨੂੰ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਕਨਵੈਨਸ਼ਨ ਕਰਾਂਗੇ ਤੇ ਸਭ ਨੂੰ ਖੁੱਲ੍ਹਾ ਸੱਦਾ ਦੇਵਾਂਗੇ। ਸਾਰੇ ਵਿਧਾਇਕਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਸਹੀ ਤਰੀਕੇ ਨਾਲ ਨਹੀਂ ਹਟਾਇਆ ਗਿਆ। ਉਨ੍ਹਾਂ ਦਾ ਪੱਖ ਵੀ ਨਹੀਂ ਸੁਣਿਆ ਗਿਆ ਤੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਖਹਿਰਾ ਨੂੰ ਹਟਾਉਣ ਲਈ ਗੈਰ ਲੋਕਤੰਤਰੀ ਤਰੀਕਾ ਅਪਣਾਇਆ। ਪਾਰਟੀ ਇਸ ਨੂੰ ਰੀਵਿਊ ਕਰੇ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਅਸੀਂ ਡਾ. ਬਲਬੀਰ ਸਿੰਘ ਤੇ ਸੁਖਪਾਲ ਖਹਿਰਾ ਵਿਚਾਲੇ ਸਾਰੇ ਮੱਤਭੇਦ ਸਲਝਾਉਣ ਦੀ ਗੱਲ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਖਹਿਰਾ ਨੂੰ ਹਟਾਉਣ ਦਾ ਇਹ ਫੈਸਲਾ ਲਿਆ। ਸਾਨੂੰ ਵੀ ਫੈਸਲਾ ਬਾਅਦ ਵਿੱਚ ਦੱਸਿਆ ਗਿਆ। ਵਿਧਾਇਕਾਂ ਨੇ ਕਿਹਾ ਕਿ ਅਸੀਂ ਪਾਰਟੀ ਵਿੱਚ ਰਹਿ ਕੇ ਹੀ ਪਾਰਟੀ ਲਈ ਕੰਮ ਕਰਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ