ਅੰਮ੍ਰਿਤਸਰ: ਪਿਛਲੇ ਸਾਲ ਸੁਰਖੀਆਂ ਵਿੱਚ ਰਹੀ ਸਦੀ ਪੁਰਾਣੀ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਮੁੜ ਚਰਚਾ ਵਿੱਚ ਆ ਗਈ ਹੈ। ਇਸ ਵਾਰ ਵੀ 'ਅਸ਼ਲੀਲਤਾ' ਫੈਲਾਉਣ ਦੀਆਂ ਖ਼ਬਰਾਂ ਹਨ। ਦਰਅਸਲ, ਸੰਸਥਾ ਦੇ ਮੈਂਬਰਾਂ ਦੇ ਵ੍ਹੱਟਸਐਪ ਗਰੁੱਪ ਵਿੱਚ ਕਈ ਅਸ਼ਲੀਲ ਤਸਵੀਰਾਂ ਪਾ ਦਿੱਤੀਆਂ ਗਈਆਂ। ਗਰੁੱਪ ਮੈਂਬਰਾਂ ਵੱਲੋਂ ਸਖ਼ਤ ਇਤਰਾਜ਼ ਜਤਾਏ ਜਾਣ 'ਤੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਤਸਵੀਰਾਂ ਪਾਉਣ ਵਾਲੇ ਮੈਂਬਰ ਨੂੰ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ।
‘ਸੀਕੇਡੀ ਅਪਡੇਟਸ’ ਵ੍ਹੱਟਸਐਪ ਗਰੁੱਪ ਵਿੱਚ ਦੀਵਾਨ ਦੇ ਲਗਪਗ 147 ਮੈਂਬਰ ਹਨ, ਜਿਨ੍ਹਾਂ ਵਿਚ ਮਹਿਲਾ ਮੈਂਬਰ ਵੀ ਸ਼ਾਮਲ ਹਨ। ਸ਼ਨੀਲਾਕ ਦੁਪਹਿਰ ਸਮੇਂ ਪਾਈਆਂ ਗਈਆਂ ਇਨ੍ਹਾਂ ਅਸ਼ਲੀਲ ਤਸਵੀਰਾਂ ਬਾਰੇ ਗਰੁੱਪ ਦੇ ਮੈਂਬਰਾਂ ਵਿਚ ਵਿਰੋਧ ਸ਼ੁਰੂ ਹੋ ਗਿਆ। ਗਰੁੱਪ ਦੇ ਮੈਂਬਰਾਂ ਨੇ ਇਨ੍ਹਾਂ ਤਸਵੀਰਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਤਸਵੀਰਾਂ ਪਾਉਣ ਵਾਲੇ ਮੈਂਬਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਾਸਤੇ ਵੀ ਆਖਿਆ।
ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਖ਼ਿਲਾਫ਼ ਕਾਰਵਾਈ ਕਰਦਿਆਂ ਦੀਵਾਨ ਦੇ ਮੈਂਬਰ ਰਮਿੰਦਰ ਸਿੰਘ ਸੰਧੂ ਨੂੰ ਪਹਿਲਾਂ ਵ੍ਹੱਟਸਐਪ ਗਰੁੱਪ ਵਿਚੋਂ ਹਟਾਇਆ ਗਿਆ ਅਤੇ ਮਗਰੋਂ ਉਸ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਉਨ੍ਹਾਂ ਆਖਿਆ ਕਿ ਇਸ ਹਰਕਤ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਤਸਵੀਰਾਂ ਪਾਉਣ ਬਾਰੇ ਮੈਂਬਰ ਰਮਿੰਦਰ ਸਿੰਘ ਨੇ ਸਫਾਈ ਦਿੱਤੀ ਸੀ ਕਿ ਇਹ ਤਸਵੀਰਾਂ ਉਸ ਦੇ ਪਰਿਵਾਰਕ ਮੈਂਬਰ ਵੱਲੋਂ ਗ਼ਲਤੀ ਨਾਲ ਇਸ ਗਰੁੱਪ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ ਹਨ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਸੀ, ਇਸ ਕਾਰਵਾਈ ’ਤੇ ਉਸ ਨੂੰ ਵੀ ਅਫ਼ਸੋਸ ਹੈ।