ਚੰਡੀਗੜ੍ਹ: ਬੀਤੇ ਦਿਨੀਂ ਸੁਖਪਾਲ ਖਹਿਰਾ ਦੇ ਕਾਫਲੇ ਦੀ ਗੱਡੀ ਦੀ ਲਪੇਟ 'ਚ ਆਉਣ ਕਾਰਨ ਜ਼ਖਮੀ ਹੋਏ ਛੇ ਸਾਲਾ ਬੱਚੇ ਦੀ ਬੀਤੀ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਅਰਜੁਨ ਸਿੰਘ ਫ਼ਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਜ਼ਿਕਰਯੋਗ ਹੈ ਕਿ 3 ਤਾਰੀਖ ਨੂੰ ਸੁਖਪਾਲ ਖਹਿਰਾ ਦੇ ਕਾਫਲੇ ਦੀ ਇੱਕ ਪਾਇਲਟ ਗੱਡੀ ਨੇ ਇਸ ਮਾਸੂਮ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਫ਼ਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਾਇਆ ਸੀ ਜਿੱਥੇ ਕੱਲ੍ਹ ਸ਼ਾਮ 5 ਵਜੇ ਬੱਚੇ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ। ਗੱਡੀ ਦੇ ਡਰਾਇਵਰ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਸੀ ਪਰ ਉਸਤੋਂ ਬਾਅਦ ਕੋਈ ਵੀ ਬੱਚੇ ਦਾ ਹਾਲ ਜਾਨਣ ਨਹੀਂ ਆਇਆ। ਉਨ੍ਹਾਂ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਦੀ ਮੰਗ ਕੀਤੀ।

ਮ੍ਰਿਤਕ ਦੇ ਰਿਸ਼ਤੇਦਾਰ ਆਸਾਰਾਮ ਸਿੰਘ ਨੇ ਦੱਸਿਆ ਕਿ ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨੇ ਉਨ੍ਹਾਂ ਦਾ ਬੱਚਾ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਇੱਕ ਵਾਰ ਉਨ੍ਹਾਂ ਦਾ ਡਰਾਇਵਰ ਆ ਕੇ 5000 ਰੁਪਏ ਦੇ ਗਿਆ ਸੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਅਤੇ ਹੁਣ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਮੌਕੇ 'ਤੇ ਪੁਜੇ ਥਾਣਾ ਸਿਟੀ ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।