ਚੰਡੀਗੜ੍ਹ: ਪੰਜਾਬ ਦੇ ਕੌਮਾਂਤਰੀ ਡਰੱਗਸ ਰੈਕੇਟ ਦੀ ਜਾਂਚ ਕਰਨ ਵਾਲੇ ਇਨਫਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਦੇ ਨੌਕਰੀ ਤੋਂ ਅਸਤੀਫ਼ਾ ਦੇਣ ਬਾਅਦ ਪੰਜਾਬ ਦੀ ਸਿਆਸਤ ਦਾ ਮਾਹੌਲ਼ ਗਰਮਾ ਗਿਆ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਕਿਹਾ ਕਿ ਇਹ ਕੋਈ ਸਾਧਾਰਨ ਅਸਤੀਫ਼ਾ ਨਹੀਂ ਹੈ। ਜਾਂਚ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਤਬਾਦਲੇ ’ਤੇ ਰੋਕ ਲਾਈ ਸੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕੀ ਵੱਡੀਆਂ ਮੱਛੀਆਂ ਕਾਨੂੰਨ ਤੋਂ ਉੱਪਰ ਹਨ?
ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੀ ਹਾਈ ਪ੍ਰੋਫਾਈਲ ਜਾਂਚ ਕਰਾਉਣੀ ਚਾਹੀਦੀ ਹੈ। ਜਿਸ ਕੇਸ ਦੀ ਉਹ ਜਾਂਚ ਕਰ ਰਹੇ ਸਨ, ਉਹ ਕੇਸ ਹਾਲ਼ੇ ਵੀ ਉੱਥੇ ਦਾ ਉੱਥੇ ਹੀ ਹੈ। ਜਾਂਚ ਕਰਨ ਵਾਲਿਆਂ ’ਤੇ ਉੱਤੋਂ ਦਬਾਅ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਤਸਕਰਾਂ ਨੂੰ 50 ਜਣਿਆਂ ਦੀ ਸੁਰੱਖਿਆ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਨੂੰ ਤਹਿਕੀਕਾਤ ਕਰਨ ਵਾਲਿਆਂ ਨੂੰ ਵੀ ਸੁਰੱਖਿਆ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਨਿਰੰਜਣ ਸਿੰਘ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਰੰਜਣ ਸਿੰਘ ਵਿਭਾਗ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਵੱਲੋਂ ਹਾਈਕੋਰਟ ਵਿੱਚ ਵੀ ਬਿਆਨ ਦਿੱਤਾ ਸੀ ਕਿ ਵਿਭਾਗ ਦੇ ਆਹਲਾ ਅਧਿਕਾਰੀ ਮੁਅੱਤਲ ਕਰਨ ਦੀ ਧਮਕੀ ਵੀ ਦਿੰਦੇ ਹਨ। ਨਿਰੰਜਣ ਸਿੰਘ, ਭੋਲਾ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਸਨ।