ਜਲੰਧਰ: ਪੁਲਿਸ ਨੇ ਨਵਜੰਮੇ ਬੱਚਿਆਂ ਨੂੰ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਦੋ ਡਾਕਟਰਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਲੋਕ ਆਈ.ਵੀ.ਐਫ. ਸੈਂਟਰ ਦੇ ਨਾਂ 'ਤੇ ਇਹ ਕੰਮ ਕਰ ਰਹੇ ਸਨ। ਫਿਲਹਾਲ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਹਿਣ ਨੂੰ ਤਾਂ ਉਹ ਆਈ.ਵੀ.ਐਫ. ਸੈਂਟਰ ਵਿੱਚ ਕੰਮ ਕਰ ਰਹੇ ਹਨ, ਜਿੱਥੇ ਉਹ ਬਿਨ੍ਹਾਂ ਔਲਾਦ ਦੇ ਮਾਂ-ਬਾਪ ਨੂੰ ਔਲਾਦ ਦਾ ਸੁੱਖ ਦਿੰਦੇ ਹਨ। ਪਰ ਜਲੰਧਰ ਵਿੱਚ ਅਜਿਹੇ ਸੈਂਟਰ ਦਾ ਖੁਲਾਸਾ ਹੋਇਆ ਹੈ ਜੋ ਵਿਗਿਆਨਕ ਤਕਨੀਕ ਨਾਲ ਮਹਿਲਾਵਾਂ ਦੇ ਗਰਭ ਦਾ ਇਸਤੇਮਾਲ ਕਰ ਬੱਚੇ ਪੈਦਾ ਕਰਦੇ ਸਨ। ਬਾਅਦ ਵਿੱਚ ਇਨ੍ਹਾਂ ਬੱਚਿਆਂ ਨੂੰ ਵੇਚਦੇ ਸਨ।
ਜਲੰਧਰ ਪੁਲਿਸ ਨੇ ਇੱਕ ਐਨ.ਜੀ.ਓ. ਨਾਲ ਮਿਲਕੇ ਇਸ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਜੰਲਧਰ ਦੇ ਵਰਿਆਮ ਨਗਰ ਵਿੱਚ ਰਮਨਦੀਪ ਕੌਰ ਨਾਂ ਦੀ ਮਹਿਲਾ ਜੋ ਆਪਣੇ-ਆਪ ਨੂੰ ਬੀ.ਈ.ਐਮ.ਐਸ. ਡਾਕਟਰ ਦੱਸ ਕੇ ਆਈ.ਵੀ.ਐਫ. ਸੈਂਟਰ ਦੇ ਨਾਂ 'ਤੇ ਇਹ ਧੰਦਾ ਕਰਦੀ ਸੀ। ਕੱਲ੍ਹ ਦੇਰ ਰਾਤ ਉਹ ਇੱਕ ਬੱਚੇ ਦੀ ਖਰੀਦੋ-ਫਰੋਖਤ ਲਈ ਇੱਕ ਹੋਟਲ ਵਿੱਚ ਬੱਚੇ ਦੇ ਨਾਨਾ, ਨਾਨੀ ਤੇ ਮਾਂ ਨਾਲ ਪਹੁੰਚੀ। ਪੁਲਿਸ ਨੇ ਛਾਪਾ ਮਾਰਕੇ ਡਾਕਟਰ ਵਿਸ਼ਾਲ ਭਨੋਟਾ ਤੇ ਡਾਕਟਰ ਰਮਨਦੀਪ ਕੌਰ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਜਲੰਧਰ ਦੇ ਡੀ.ਸੀ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਦੋ ਔਰਤਾਂ ਹਰਜਿੰਦਰ ਕੌਰ ਤੇ ਸੀਤਾ ਜੋ ਐੱਗ ਡੋਨਰ ਦਾ ਕੰਮ ਕਰਦੀਆਂ ਸਨ, ਨਾਲ ਹੀ ਪਿਛਲੇ ਚਾਰ ਸਾਲਾਂ ਤੋਂ ਬੱਚਿਆਂ ਦੀ ਖਰੀਦੋ-ਫਰੋਖਤ ਦਾ ਕੰਮ ਕਰ ਰਹੀਆਂ ਸਨ। ਇਨ੍ਹਾਂ ਦਾ ਕੰਮ ਮਹਿਲਾਵਾਂ ਨੂੰ ਡਾਕਟਰ ਨਾਲ ਮਿਲਵਾਉਣ ਦਾ ਸੀ। ਇਸ ਵਾਰ ਜਦੋਂ ਉਨ੍ਹਾਂ ਨੇ ਚਾਰ ਮਹੀਨੇ ਦੇ ਬੱਚੇ ਦਾ ਸੌਦਾ ਕੀਤਾ ਤਾਂ ਪੁਲਿਸ ਨੇ ਇਨ੍ਹਾਂ ਦੋਹਾਂ ਡਾਕਟਰਾਂ, ਬੱਚੇ ਦੀ ਮਾਂ, ਨਾਨਾ, ਨਾਨੀ, ਇੱਕ ਨੌਜਵਾਨ, ਮਹਿਲਾਵਾਂ ਨੂੰ ਮਿਲਾਕੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ, ਹਾਲੇ ਸਿਰਫ ਦੋ ਬੱਚਿਆਂ ਦਾ ਪਤਾ ਲੱਗਿਆ ਹੈ, ਜਦਕਿ ਹੋਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।