ਪਟਿਆਲਾ: ਅੱਜ ਇੱਥੇ ਬੱਸ ਸਟੈਂਡ 'ਤੇ ਵਾਲਮੀਕੀ ਸਮਾਜ ਤੇ ਡਰਾਈਵਰਾਂ ਵਿਚਾਲੇ ਇੱਟਾਂ ਰੋੜੇ ਚੱਲੇ। ਰੋਸ ਪ੍ਰਦੜਸਨ ਕਰਨ ਆਏ ਵਾਲਮੀਕੀ ਸਮਾਜ ਦੇ ਸਮੱਰਥਕ ਬੱਸ ਸਟੈਂਡ ਦਾ ਗੇਟ ਬੰਦ ਕਰਨ ਲਈ ਵਧੇ ਤਾਂ ਮੌਕੇ 'ਤੇ ਮੌਜੂਦ ਸਕਿਉਰਿਟੀ ਗਾਰਡ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਵਾਲਮੀਕੀ ਸਮਾਜ ਵੱਲੋਂ ਅੰਨ੍ਹੇਵਾਹ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਭਗਵਾਨ ਵਾਲਮੀਕੀ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਰਾਖੀ ਸਾਵੰਤ ਖਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ।

 

ਵਾਲਮੀਕੀ ਸਮਾਜ ਦੇ ਸਮਰੱਥਕਾਂ ਵੱਲੋਂ ਇੱਕ ਸਕਿਊਰਿਟੀ ਗਾਰਡ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਉਸ ਦੀ ਪੱਗੜੀ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਇਸ ਤੋਂ ਬਾਅਦ ਆਪਣੀ ਜਾਨ ਬਚਾਉਂਦਿਆਂ ਜਦੋਂ ਸਕਿਊਰਿਟੀ ਗਾਰਡ ਕਮਰੇ ਵੱਲ ਵਧਿਆ ਤਾਂ ਉੱਥੇ ਵੀ ਜਾ ਕੇ ਵਾਲਮੀਕੀ ਸਮਾਜ ਦੇ ਸਮੱਰਥਕਾਂ ਵੱਲੋਂ ਇੱਟਾਂ, ਰੋੜੇ ਚਲਾਏ ਗਏ। ਆਪਣੇ ਬਚਾਅ ਵਿੱਚ ਸਕਿਊਰਿਟੀ ਗਾਰਡਾਂ ਤੇ ਡਰਾਈਵਰਾਂ ਵੱਲੋਂ ਵੀ ਪਥਰਾਅ ਕੀਤਾ ਗਿਆ। ਇਸ ਤੋਂ ਬਾਅਦ ਵਾਲਮੀਕੀ ਸਮਾਜ ਦੇ ਸਮੱਰਥਕ ਪੁਤਲੇ ਨੂੰ ਹੱਥ ਵਿੱਚ ਚੁਕੱਦੇ ਹੋਏ ਇੱਟਾਂ ਰੋੜੇ ਮਾਰਦੇ ਆਪਣੇ ਇਲਾਕੇ ਵੱਲ ਨੂੰ ਭੱਜੇ।

 

 

ਇਸ ਮੌਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਹੇਠ ਆਈ ਕਿਉਂਕਿ ਪੁਲਿਸ ਦੇ ਸਾਹਮਣੇ ਹੀ ਲੋਕ ਇੱਕ-ਦੂਜੇ 'ਤੇ ਇੱਟਾਂ-ਰੋੜੇ ਚਲਾਉਂਦੇ ਰਹੇ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਸਾਰਾ ਨਜ਼ਾਰਾ ਵੇਖਦੀ ਰਹੀ। ਇਸ ਦੌਰਾਨ ਇੱਕ ਸਕਿਊਰਿਟੀ ਗਾਰਡ ਦੇ ਸਿਰ ਵਿੱਚ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਮਾਹੌਲ ਨੂੰ ਸ਼ਾਂਤ ਕਰਨ ਲਈ ਐਸਪੀ ਸਿਟੀ ਦਲਜੀਤ ਸਿੰਘ ਰਾਣਾ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ ਵਾਲੀ ਥਾਂ ਤੇ ਪਹੁੰਚੇ ਪਰ ਜਦੋਂ ਪੁਲਿਸ ਪ੍ਰਸਾਸ਼ਨ ਨੂੰ ਧਰਨੇ ਬਾਰੇ ਪਤਾ ਸੀ ਤਾਂ ਉਨ੍ਹਾਂ ਵੱਲੋਂ ਪਹਿਲਾਂ ਹੀ ਪੁਲਿਸ ਫ਼ੋਰਸ ਤਾਇਨਾਤ ਕਿਉਂ ਨਹੀਂ ਕੀਤੀ ਗਈ।