'ਆਪ' ਹੋਈ ਦੋਫਾੜ, ਛੋਟੇਪੁਰ ਧੜੇ ਵੱਲੋਂ ਵੱਡਾ ਐਲਾਨ
ਏਬੀਪੀ ਸਾਂਝਾ | 29 Aug 2016 02:03 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਪੰਜਾਬ ਇਕਾਈ ਦੀ ਕਨਵੀਨਰਸ਼ਿਪ ਤੋਂ ਲਾਹੇ ਸੁੱਚਾ ਸਿੰਘ ਛੋਟੇਪੁਰ ਨੇ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਇਸ ਹਫਤੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪੰਜਾਬ ਯਾਤਰਾ ਸ਼ੁਰੂ ਕਰ ਰਹੇ ਹਨ। ਸੂਤਰਾਂ ਮੁਤਾਬਕ ਉਹ ਹਰ ਜ਼ਿਲ੍ਹੇ ਵਿੱਚ ਵਰਕਰਾਂ ਨੂੰ ਮਿਲਣਗੇ। ਉਨ੍ਹਾਂ ਦੀ ਰਾਏ ਲੈ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ। ਦਰਅਸਲ ਆਮ ਆਦਮੀ ਪਾਰਟੀ ਦੇ ਛੇ ਜ਼ੋਨਾਂ ਦੇ ਕੁਆਰਡੀਨੇਟਰਾਂ ਨੇ ਛੋਟੇਪੁਰ ਦੇ ਘਰ ਅਹਿਮ ਮੀਟਿਗ ਕੀਤੀ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਹਰ ਜਗ੍ਹਾ ਦਿੱਲੀ ਦੀ ਲੀਡਰਸ਼ਿਪ ਨੂੰ ਕਾਲੇ ਝੰਡੇ ਵਿਖਾਏ ਜਾਣਗੇ। ਮੀਟਿੰਗ ਦੌਰਾਨ ਪਾਰਟੀ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਛੋਟੇਪੁਰ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਦਿੱਲੀ ਦੀ ਟੀਮ ਬਾਹਰ ਜਾਵੇ। ਇਸ ਦੇ ਨਾਲ ਹੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਦਿੱਲੀ ਦੀ ਲੀਡਰਸ਼ਿਪ ਬਾਹਰ ਨਾ ਗਈ ਤਾਂ ਹਸਰ ਬੁਰਾ ਹੋਏਗਾ। ਮੀਟਿੰਗ ਵਿੱਚ ਜਸਬੀਰ ਸਿੰਘ ਧਾਲੀਵਾਲ (ਅਨੰਦਪੁਰ ਸਾਹਿਬ ਜ਼ੋਨ), ਅਮਨਦੀਪ ਸਿੰਘ (ਗੁਰਦਾਸਪੁਰ ਜ਼ੋਨ), ਗੁਰਿੰਦਰ ਸਿੰਘ ਬਾਜਵਾ (ਅੰਮ੍ਰਿਤਸਰ ਜ਼ੋਨ), ਹਰਜਿੰਦਰ ਸਿੰਘ ਚੀਮਾ (ਜਲੰਧਰ ਜ਼ੋਨ), ਨਰਿੰਦਰਪਾਲ ਭਗਤਾ (ਬਠਿੰਡਾ ਜ਼ੋਨ), ਇਕਬਾਲ ਸਿੰਘ ਭਾਗੂਵਾਲ (ਖਡੂਰ ਸਾਹਿਬ ਜ਼ੋਨ) ਕੁਆਰਡੀਨੇਟਰ ਸ਼ਾਮਲ ਸਨ।