ਅੰਮ੍ਰਿਤਸਰ: ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਾਰਨ ਤੋਂ ਬਾਜ਼ ਆਵੇ ਜਾਂ ਫਿਰ ਲੋਕ ਰੋਹ ਦਾ ਸਾਹਮਣਾ ਕਾਰਨ ਲਈ ਤਿਆਰ ਰਹੇ। ਇਹ ਚੇਤਾਵਨੀ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਦਿੱਤੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਨ ਜਾਂ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਉਸ ਨੂੰ ਪੰਜਾਬ 'ਚ ਵੱਡੇ ਪੈਮਾਨੇ 'ਤੇ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ।   ਮਜੀਠੀਆ ਨੇ ਕਿਹਾ ਕਿ ਸਿੱਖੀ ਤੇ ਪੰਜਾਬ ਵਿਰੁੱਧ ਇੰਦਰਾ ਗਾਂਧੀ ਨੂੰ ਜਿੱਥੇ ਕੰਮ ਛੱਡਣਾ ਪਿਆ, ਕੇਜਰੀਵਾਲ ਨੇ ਉੱਥੋਂ ਹੀ ਚੁੱਕ ਲਿਆ। ਇੰਦਰਾ ਗਾਂਧੀ ਨੇ ਤੋਪਾਂ ਟੈਂਕਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਉੱਥੇ ਕੇਜਰੀਵਾਲ ਵੱਲੋਂ ਸ੍ਰੀ ਅਕਾਲ ਤਖ਼ਤ ਨਾਲੋਂ ਸਿੱਖਾਂ ਨੂੰ ਤੋੜਨ ਦੀ ਸਾਜ਼ਿਸ਼ 'ਤੇ ਅਮਲ ਕਰਦਿਆਂ ਸਿੱਖੀ ਸਪਿਰਿਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਕਰਕੇ ਉਹ ਸਿੱਖੀ ਰੂਹ ਤੇ ਆਤਮਾ ਨੂੰ ਗਹਿਰੀ ਸੱਟ ਮਾਰ ਰਿਹਾ ਹੈ।     ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਵੱਲੋਂ ਕੇਜਰੀਵਾਲ ਦੀ ਸਿੱਖਾਂ ਪ੍ਰਤੀ ਮਾੜੀ ਨੀਅਤ ਤੇ ਭੈੜੀ ਸੋਚ ਪ੍ਰਤੀ ਖ਼ੁਲਾਸੇ ਦੇ ਸਾਹਮਣੇ ਆਉਣ ਨਾਲ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਇੰਦਰਾ ਤੇ ਕੇਜਰੀਵਾਲ ਦਾ ਸਿੱਖ ਵਿਰੋਧੀ ਏਜੰਡਾ ਇੱਕ ਹੀ ਹੈ ਭਾਵੇਂ ਕਿ ਇਸ ਨੂੰ ਨੇਪਰੇ ਚਾੜਨ ਦਾ ਢੰਗ ਤਰੀਕਾ ਵੱਖ-ਵੱਖ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੁੰਡਲੀ ਵੱਲੋਂ ਮਨ 'ਚ ਬੇਈਮਾਨੀ, ਕੋਝੀ ਸ਼ਰਾਰਤ ਤੇ ਪੰਜਾਬ ਪ੍ਰਤੀ, ਗੁਰੂਆਂ ਪ੍ਰਤੀ ਤੇ ਬਾਣੀ ਬਾਣੇ ਪ੍ਰਤੀ ਮਾੜੀ ਸੋਚ ਰੱਖੀ ਬੈਠੇ ਹੋਣ ਕਾਰਨ ਅੱਜ ਝਾੜੂ ਖੇਰੂੰ ਖੇਰੂੰ ਤੇ ਤੀਲਾ-ਤੀਲਾ ਹੋ ਗਿਆ ਹੈ।