ਚੋਣਾਂ ਲਈ ਲਗਭਗ 2085 ਸਿਵਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਜ਼ਿਲ੍ਹੇ ਵਿੱਚ ਅਤਿ ਅਧੁਨਿਕ ਸੰਵੇਦਨਸ਼ੀਲ 40 ਪੋਲਿੰਗ ਬੂਥ ਅਤੇ ਸੰਵੇਦਨਸ਼ੀਲ 75 ਪੋਲਿੰਗ ਬੂਥਾਂ ਦੀ ਸ਼ਨਾਖਤ ਕੀਤੀ ਗਈ ਹੈ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਹਰੇਕ ਬੂਥ 'ਤੇ 5 ਕਰਮਚਾਰੀਆਂ ਦੀ ਬਤੌਰ ਪੋਲਿੰਗ ਸਟਾਫ ਡਿਊਟੀ ਲਗਾਈ ਗਈ ਹੈ ਅਤੇ ਇਨ੍ਹਾਂ ਪੋਲਿੰਗ ਪਾਰਟੀਆਂ ਦੀ ਮਦਦ ’ਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ 1500 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਹਨ।
ਜ਼ਿਲ੍ਹੇ ਦੀਆਂ ਕੁੱਲ 339 ਪੰਚਾਇਤਾਂ ਵਿੱਚੋਂ 269 ਪੰਚਾਇਤਾਂ ਲਈ ਵੋਟਾਂ ਪੈਣਗੀਆਂ ਅਤੇ 63 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਜਦਕਿ 7 ਪਿੰਡਾਂ ਵਿੱਚ ਬਾਅਦ ਵਿਚ ਵੋਟਾਂ ਪੈਣਗੀਆਂ। 81 ਸਰਪੰਚ ਅਤੇ 1215 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ ਜਿਨ੍ਹਾਂ 'ਚ ਬਲਾਕ ਡੇਰਾਬਸੀ ਵਿੱਚ ਸਰਬਸੰਮਤੀ ਨਾਲ 13 ਸਰਪੰਚ ਅਤੇ 317 ਪੰਚ, ਬਲਾਕ ਖਰੜ ਵਿੱਚ 34 ਸਰਪੰਚ ਅਤੇ 483 ਪੰਚ, ਬਲਾਕ ਮਾਜਰੀ ਵਿੱਚ 34 ਸਰਪੰਚ ਅਤੇ 415 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਬਲਾਕ ਡੇਰਾਬਸੀ ਵਿੱਚ 118, ਖਰੜ ਵਿੱਚ 179 ਅਤੇ ਬਲਾਕ ਮਾਜਰੀ ਵਿੱਚ 120 ਪੋਲਿੰਗ ਬੂਥ ਬਣਾਏ ਗਏ ਹਨ।