ਜਲੰਧਰ: ਨਕੋਦਰ ਤਹਿਸੀਲ ਦੇ ਪਿੰਡ ਮੰਡਿਆਲਾ ਵਿੱਚ ਪੰਚ ਦੀ ਚੋਣ ਲੜ ਰਹੇ ਇੱਕ ਉਮੀਦਵਾਰ ਦੀ ਮੌਤ ਕਾਰਨ ਉਸ ਪਿੰਡ ਦੇ ਵਾਰਡ ਨੰਬਰ 2 ਦੀ ਪੰਚ ਦੀ ਚੋਣ ਮੁਲਤਵੀ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪਿੰਡ ਮੰਡਿਆਲਾ ਬਲਾਕ ਮਿਹਤਪੁਰ ਤਹਿਸੀਲ ਨਕੋਦਰ ਦੇ ਵਾਰਡ ਨੰ 2 ਤੋਂ ਪੰਚ ਦੀ ਚੋਣ ਲੜ ਰਹੇ ਉਮੀਦਵਾਰ ਤਰਸੇਮ ਲਾਲ ਦੀ 28 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਇਸ ਦੇ ਚੱਲਦਿਆਂ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਐਕਟ 1954 ਦੀ ਧਾਰਾ 53 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬੰਧਤ ਰਿਟਰਨਿੰਗ ਅਫ਼ਸਰ ਨੇ ਪਿੰਡ ਮੰਡਿਆਲਾ ਦੀ ਵਾਰਡ ਨੰ 2 ਦੀ ਪੰਚ ਦੀ ਚੋਣ ਮੁਲਤਵੀ ਕਰ ਦਿੱਤੀ।