ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਮ ਪ੍ਰਕਾਸ਼ ਸੋਨੀ ਤੋਂ ਵਾਤਾਵਰਨ ਵਿਭਾਗ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ। ਬੀਤੇ ਦਿਨੀਂ ਕੌਮੀ ਗਰੀਨ ਟ੍ਰਿਬੀਊਨਲ ਵੱਲੋਂ ਦਰਿਆਵਾਂ ਨੂੰ ਪਲੀਤ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ 50 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਸੀ।

ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਵਾਤਾਵਰਨ ਵਿਭਾਗ ਦੀ ਕਮਾਨ ਸਾਂਭ ਲਈ ਹੈ। ਓਪੀ ਸੋਨੀ ਨੂੰ ਹੁਣ ਫੂਡ ਪ੍ਰੋਸੈਸਿੰਗ ਵਿਭਾਗ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹ ਸਿੱਖਿਆ ਮੰਤਰੀ ਵੀ ਬਣੇ ਰਹਿਣਗੇ।

ਬਤੌਰ ਵਾਤਾਵਰਨ ਮੰਤਰੀ ਓਪੀ ਸੋਨੀ ਦੇ ਸਮੇਂ ਦੌਰਾਨ ਕਈ ਵੱਡੀਆਂ ਘਟਨਾਵਾਂ ਹੋਈਆਂ, ਜਿਸ ਕਾਰਨ ਸੂਬੇ ਕੁਦਰਤੀ ਸੋਮਿਆਂ 'ਤੇ ਗੰਭੀਰ ਸੰਕਟ ਖੜ੍ਹਾ ਹੋ ਗਿਆ ਸੀ। ਬੀਤੀ ਮਈ ਦੌਰਾਨ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਵੱਲੋਂ ਛੱਡੇ ਗਏ ਸੀਰੇ ਕਾਰਨ ਲੱਖਾਂ ਮੱਛੀਆਂ ਦੇ ਮਾਰੇ ਜਾਣ, ਫਿਰ ਲੁਧਿਆਣਾ ਵਿੱਚ ਬੁੱਢੇ ਨਾਲੇ ਦਾ ਪ੍ਰਦੂਸ਼ਤ ਪਾਣੀ ਸਤਲੁਜ 'ਚ ਛੱਡੇ ਜਾਣ ਦੇ ਮਾਮਲਿਆਂ ਤੋਂ ਇਲਾਵਾ ਪਰਾਲੀ ਸਾੜੇ ਜਾਣ ਸਮੇਤ ਕਈ ਵੱਡੇ ਮਸਲੇ ਖੜ੍ਹੇ ਹੋਏ ਹਨ। ਪਰ ਹੁਣ ਐਨਜੀਟੀ ਵੱਲੋਂ ਜ਼ੁਰਮਾਨਾ ਲਾਏ ਜਾਣ ਤੋਂ ਬਾਅਦ ਕੈਪਟਨ ਨੇ ਐਕਸ਼ਨ ਲੈ ਹੀ ਲਿਆ ਹੈ।