ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਪਰ ਵੱਡੀ ਗਿਣਤੀ ਵਿੱਚ ਸ਼ਬਦੀ ਤੀਰ ਛੱਡੇ ਹਨ। ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਕਾਰਨ ਕੈਪਟਨ ਸਰਕਾਰ ਨੂੰ ਘੇਰਨ ਤੋਂ ਬਾਅਦ ਸਿੱਧੂ ਨੇ ਪਿਛਲੀ ਸਰਕਾਰ ਸਮੇਂ ਹੋਈਆਂ ਘਟਨਾਵਾਂ ਬਾਰੇ ਬਾਦਲ 'ਤੇ ਸਵਾਲ ਚੁੱਕੇ ਹਨ।

ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਵੀ ਪੰਜਾਬ ਵਿੱਚ ਹਮਲੇ ਹੋਏ ਸਨ, ਉਦੋਂ ਸੁਖਬੀਰ ਬਾਦਲ ਕਿੱਥੇ ਸੀ। ਉਨ੍ਹਾਂ ਨੇ ਪਿਛਲੀ ਸਰਕਾਰ ਵੇਲੇ ਨਾਮਧਾਰੀ ਮਾਤਾ ਚੰਦ ਕੌਰ, ਨਾਭਾ ਜੇਲ੍ਹ ਬ੍ਰੇਕ ਕਾਂਡ, ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਹਮਲਾ, ਦੀਨਾਨਗਰ ਤੇ ਪਠਾਨਕੋਟ ਅੱਤਵਾਦੀ ਹਮਲਿਆਂ ਤੋਂ ਲੈ ਕੇ ਆਰਐਸਐਸ ਤੇ ਹਿੰਦੂ ਨੇਤਾਵਾਂ ਤੇ ਹੋਰ ਧਾਰਮਿਕ ਆਗੂਆਂ ਦੇ ਕਤਲ ਮਾਮਲਿਆਂ ਨੂੰ ਲੈ ਕੇ ਸੁਖਬੀਰ 'ਤੇ ਕਈ ਸ਼ਬਦੀ ਹਮਲੇ ਕੀਤੇ।

ਬੇਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਕਰ ਰਹੀ ਐਸਆਈਟੀ 'ਤੇ ਸੁਖਬੀਰ ਬਾਦਲ ਵੱਲੋਂ ਚੁੱਕੇ ਸਵਾਲਾਂ 'ਤੇ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਸੁਣਵਾਈ ਤੋਂ ਸੁਖਬੀਰ ਭੱਜਦਾ ਹੈ ਜਿਵੇਂ ਵਿਧਾਨ ਸਭਾ 'ਚੋ ਭੱਜ ਗਿਆ ਸੀ।