ਚੰਡੀਗੜ੍ਹ: ਪੰਚਾਇਤੀ ਚੋਣਾਂ ਹੁਣ ਹੋਰ ਲੇਟ ਹੋ ਸਕਦੀਆਂ ਹਨ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪੰਚਾਇਤੀ ਚੋਣਾਂ 15 ਦਸੰਬਰ ਤੋਂ ਪਹਿਲਾਂ ਹੋਣਗੀਆਂ। ਇਸ ਬਾਰੇ ਸਰਕਾਰ ਨੇ ਚੋਣ ਕਮਿਸ਼ਨ ਨੂੰ ਵੀ ਪੱਤਰ ਲਿਖ ਦਿੱਤਾ ਸੀ।

ਹੁਣ ਸੂਚਨਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਖਾਸ ਅਨਾਊਂਸਮੈਂਟਾਂ ਕਰਨ ਕਰਕੇ ਚੋਣਾਂ ਦੀ ਤਰੀਕ ਤਕਰੀਬਨ 12 ਦਿਨ ਅੱਗੇ ਵਧਾ ਦਿੱਤੀ ਹੈ। ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਣ ਮਗਰੋਂ ਪੰਚਾਇਤ ਚੋਣਾਂ ਵਿੱਚ ਦੇਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਹਾਲਾਂਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਚੋਣਾਂ 15 ਦਸੰਬਰ ਤੱਕ ਕਰਵਾ ਲਈਆਂ ਜਾਣਗੀਆਂ।

ਯਾਦ ਰਹੇ ਪੰਚਾਇਤਾਂ ਦੀ ਮਿਆਦ ਜੁਲਾਈ ਵਿੱਚ ਖਤਮ ਹੋ ਚੁੱਕੀ ਹੈ। ਇਸ ਤੋਂ ਮਗਰੋਂ ਪੰਚਾਇਤਾਂ ਭੰਗ ਕਰਕੇ ਪ੍ਰਸ਼ਾਸਕ ਲਾਏ ਹੋਏ ਹਨ। ਸਰਕਾਰ ਨੇ ਪਹਿਲਾਂ ਚੋਣਾਂ ਅਗਸਤ-ਸਤੰਬਰ ਫਿਰ ਅਕਤੂਬਰ-ਨਵੰਬਰ ਤੇ ਫਿਰ ਦਸੰਬਰ ਵਿੱਚ ਕਰਵਾਉਣ ਦਾ ਐਲਾਨ ਕੀਤਾ ਸੀ। ਹੁਣ ਇਹ ਚੋਣਾਂ ਹੋਰ ਲਟਕ ਸਕਦੀਆਂ ਹਨ।