Bhagat Singh Jayanti 2022: ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਹੱਸਦੇ-ਹੱਸਦੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਪੰਜਾਬ ਸਮੇਤ ਦੇਸ਼ ਭਰ 'ਚ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੀ ਕਈ ਥਾਵਾਂ 'ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪ੍ਰਣਾਮ ਕੀਤਾ ਹੈ।

ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ 3 ਸਾਲ ਦੀ ਛੋਟੀ ਉਮਰੇ ਕਹਿਣਾ…ਮੈਂ ਦੰਬੂਖਾਂ (ਬੰਦੂਕਾਂ) ਬੀਜਦਾ…23 ਸਾਲ ਦੀ ਉਮਰੇ ਅੰਗਰੇਜ਼ਾਂ ਕੋਲੋਂ ਆਪਣਾ ਦੇਸ਼ ਮੰਗਣਾ…ਇਹ ਕ੍ਰਾਂਤੀਕਾਰੀ ਸੋਚ ਤੇ ਇਨਕਲਾਬੀ ਵਿਚਾਰ ਸ਼ਹੀਦ ਭਗਤ ਸਿੰਘ ਜੀ ਦੇ ਹਿੱਸੇ ਆਏ। ਅੱਜ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਵਰ੍ਹੇਗੰਢ ਮੌਕੇ ਇਨਕਲਾਬੀ ਰੂਹ ਨੂੰ ਸੀਸ ਝੁਕਾ ਪ੍ਰਣਾਮ ਕਰਦਾ ਹਾਂ…ਇਨਕਲਾਬ ਜ਼ਿੰਦਾਬਾਦ!

ਸ਼ਹੀਦ ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ 'ਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ 'ਸ਼ਹੀਦ ਭਗਤ ਸਿੰਘ ਨਗਰ' ਰੱਖ ਦਿੱਤਾ ਗਿਆ ਹੈ। ਅੱਜ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਭਾਰਤ ਦੇ ਇਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ।