ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਪੈਦਾ ਕਰਨ ਲਈ ਪਿਛਲੀ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਮੁੱਖ ਮੰਤਰੀ ਨੇ ਐਤਵਾਰ ਸਵੇਰ ਹੀ ਆਪਣੇ ਫੇਸਬੁੱਕ ਖਾਤੇ 'ਤੇ ਪੋਸਟ ਪਾ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਵੱਡੇ ਹਮਲੇ ਬੋਲੇ। ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਅਕਾਲੀ ਸਰਕਾਰ ਵਿਰੁੱਧ ਸਿੱਧੀ ਭੜਾਸ ਕੱਢੀ ਹੋਵੇ। ਦਰਅਸ ਮੁੱਖ ਮੰਤਰੀ ਦੀ ਇਹ ਪੋਸਟ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਮਲੋਟ ਵਿੱਚ ਆਉਂਦੀ 11 ਜੁਲਾਈ ਨੂੰ ਹੋਣ ਵਾਲੀ ਰੈਲੀ 'ਚ ਜਾ ਕੇ ਧੰਨਵਾਦ ਕਰਨ ਦੀ ਅਪੀਲ ਤੋਂ ਬਾਅਦ ਆਈ ਹੈ।


 



ਕੈਪਟਨ ਨੇ ਆਪਣੀ ਫੇਸਬੁੱਕ ਉੱਪਰ ਲਿਖਿਆ ਹੈ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਪਾਰਟੀ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਨਸ਼ਿਆਂ ਤੇ ਬੇਅਦਬੀ ਵਰਗੇ ਨਾਜ਼ੁਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜਾਜ਼ਤ ਦਿੱਤੀ ਗਈ ਸੀ ਜਿਸ ’ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਸਿਆਸੀਕਰਨ ਨਾ ਕੀਤੇ ਜਾਣ ਦਾ ਸਿਆਸੀ ਢਕਵੰਜ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪੂਰੀ ਪੀੜ੍ਹੀ ਬਰਬਾਦ ਕਰਨ ਤੋਂ ਬਾਅਦ ਸੁਖਬੀਰ ਬਾਦਲ ਹੁਣ ਇਸ ਅਲਾਮਤ ਖ਼ਿਲਾਫ਼ ਇੱਕਜੁੱਟ ਹੋ ਕੇ ਲੜਣ ਦੀਆਂ ਗੱਲਾਂ ਕਰ ਰਿਹਾ ਹੈ। ਇਹ ਸੂਬੇ ਨੂੰ ਗੰਭੀਰ ਹਾਲਤਾਂ ਵਿੱਚ ਛੱਡ ਕੇ ਜਾਣ ਤੋਂ ਉਭਰਨ ਦੀ ਅਖੀਰਲੀ ਕੋਸ਼ਿਸ਼ ਹੈ। ਆਪਣੀ ਪਿੱਠ ਥਾਪੜਦਿਆਂ ਕੈਪਟਨ ਨੇ ਲਿਖਿਆ ਹੈ ਕਿ ਅਸੀਂ ਸੂਬੇ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਸਫ਼ਲ ਹੋਏ ਹਾਂ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਅਸੀਂ ਖ਼ਤਰਨਾਕ ਗੈਂਗਸਟਰਾਂ ਵਿੱਚੋਂ ਕੁਝ ਕੁ ਦਾ ਖਾਤਮਾ ਕਰਨ ਵਿੱਚ ਵੀ ਸਫ਼ਲ ਹੋਏ ਹਾਂ ਜੋ ਅਕਾਲੀ ਰਾਜ ਦੌਰਾਨ ਖੁੱਲ੍ਹੇਆਮ ਦਨਦਨਾਉਂਦੇ ਫਿਰਦੇ ਸਨ।

ਕੈਪਟਨ ਨੇ ਲਿਖਿਆ ਹੈ ਕਿ ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਸਥਿਰ ਕਰਨ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਵਿੱਚ ਵੀ ਕਾਮਯਾਬ ਹੋਏ ਹਾਂ ਜਦਕਿ ਅਕਾਲੀ ਦਲ ਦੇ ਕੁਸ਼ਾਸਨ ਦੌਰਾਨ ਇਹ ਦੋਵੇਂ ਸਮੱਸਿਆਵਾਂ ਨੇ ਵੱਡੇ ਪੱਧਰ ’ਤੇ ਸਿਰ ਚੁੱਕ ਲਿਆ ਸੀ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਨੂੰ ਤਾਕੀਦ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ, ਅਸੀਂ ਇਹ ਸਭ ਕੁਝ ਤੁਹਾਡੀ ਸਲਾਹ ਜਾਂ ਮਦਦ ਤੋਂ ਬਿਨਾਂ ਕੀਤਾ ਹੈ| ਉਨ੍ਹਾਂ ਕਿਹਾ ਕਿ ਮੈਂ ਆਪਣੇ ਕਾਬਲ ਕੈਬਨਿਟ ਸਾਥਿਆਂ ਅਤੇ ਅਫ਼ਸਰਾਂ ਦੀ ਮਦਦ ਨਾਲ ਆਪਣੇ ਪੱਧਰ ’ਤੇ ਹੀ ਸਥਿਤੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰਥ ਹਾਂ ਅਤੇ ਅਕਾਲੀ ਦਲ ਮਨਘੜਤ ਗੱਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਹੋਰ ਮੂਰਖ ਨਹੀਂ ਬਣਾ ਸਕਦੇ।

ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕੈਪਟਨ ਨੂੰ ਮੋਦੀ ਸਰਕਾਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਦੀ ਨਸੀਹਤ ਦਿੱਤੀ ਸੀ। ਸੁਖਬੀਰ ਬਾਦਲ ਨੇ ਆਪਣੀ ਫੇਸਬੁੱਕ ਪੋਸਟ 'ਤੇ ਕਿਹਾ ਸੀ ਕਿ ਐਮਐਸਪੀ ਵਾਧੇ ਤਹਿਤ ਝੋਨੇ ਵਿੱਚ 200 ਰੁਪਏ ਪ੍ਰਤੀ ਕੁਇੰਟਲ ਵਾਧੇ ਦੇ ਨਤੀਜੇ ਵਜੋਂ ਹਰ ਕਿਸਾਨ ਨੂੰ ਪ੍ਰਤੀ ਏਕੜ 6000 ਤੋਂ 8000 ਰੁਪਏ ਦਾ ਵਿਅਕਤੀਗਤ ਮੁਨਾਫ਼ਾ ਹਾਸਲ ਹੋਵੇਗਾ। ਇਕੱਲੇ ਇਸ ਸੀਜ਼ਨ ਦੌਰਾਨ ਹੀ ਪੰਜਾਬ ਸੇ ਕਿਸਾਨਾਂ ਨੂੰ ਲੱਗਭੱਗ 4500 ਕਰੋੜ ਦੀ ਵਾਧੂ ਆਮਦਨ ਹਾਸਲ ਹੋਵੇਗੀ।



ਸੁਖਬੀਰ ਬਾਦਲ ਨੇ ਲਿਖਿਆ ਸੀ ਕਿ ਡਾ. ਸਵਾਮੀਨਾਥਨ, ਜਿਹਨਾਂ ਨੇ 2006 ਵਿਚ ਯੂਪੀਏ ਸਰਕਾਰ ਨੂੰ ਆਪਣੀ ਰਿਪੋਰਟ ਦਿੱਤੀ ਸੀ ਅਤੇ ਸਰਕਾਰ ਨੇ ਉਸ ਰਿਪੋਰਟ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ, ਡਾ ਸਵਾਮੀਨਾਥਨ ਨੇ ਵੀ ਐਨਡੀਏ ਸਰਕਾਰ ਦੁਆਰਾ ਇਸਨੂੰ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਜੋ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਗਿਆ ਹੈ। ਚੰਗਾ ਹੋਵੇਗਾ ਕਿ ਕਾਂਗਰਸੀ ਮੁੱਖ ਮੰਤਰੀ ਆਪਣੀ ਕਾਰਗੁਜ਼ਾਰੀ ਸੁਧਾਰਨ ਅਤੇ ਹੱਥ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ।