ਚੰਡੀਗੜ੍ਹ: ਡਰੱਗ ਕੇਸ ਵਿੱਚ ਫਸੇ ਹੋਏ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਰੈਂਕ ਦੇ ਅਫ਼ਸਰ ਦੀ ਨੌਕਰੀ ਖੁੱਸ ਸਕਦੀ ਹੈ। ਪੰਜਾਬ ਵਿਜੀਲੈਂਸ ਨੇ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਰਾਜਜੀਤ ਦੇ ਵਿਦੇਸ਼ ਭੱਜਣ ਦੇ ਖ਼ਦਸ਼ੇ ਕਾਰਨ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਹਾਲਾਂਕਿ, ਸੂਤਰਾਂ ਮੁਤਾਬਕ ਰਾਜਜੀਤ ਇਸ ਵੇਲੇ ਪੰਜਾਬ ਵਿੱਚ ਹੀ ਹਨ ਤੇ ਉਹ ਸੋਮਵਾਰ ਨੂੰ ਆਪਣਾ ਪਾਸਪੋਰਟ ਪੁਲਿਸ ਹੈੱਡਕੁਆਟਰ ਵਿੱਚ ਜਮ੍ਹਾ ਕਰਵਾ ਰਹੇ ਹਨ। ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਆਈਜੀ ਜਤਿੰਦਰ ਔਲਖ ਨੂੰ ਆਪਣਾ ਪਾਸਪੋਰਟ ਸਪੁਰਦ ਕਰ ਦੇਣਗੇ। ਰਾਜਜੀਤ ਵਿਰੁੱਧ ਕੈਪਟਨ ਸਰਕਾਰ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਪੰਜਾਬ ਸਰਕਾਰ ਉਨ੍ਹਾਂ ਨੂੰ ਛੇਤੀ ਬਰਖ਼ਾਸਤ ਵੀ ਕਰ ਸਕਦੀ ਹੈ।
ਪੰਜ ਦਿਨ ਪਹਿਲਾਂ ਰਾਜਜੀਤ ਸਿੰਘ ਹੁੰਦਲ ਨੂੰ ਮੋਗਾ ਦੇ ਪੁਲਿਸ ਕਪਤਾਨ ਤੋਂ ਹਟਾ ਕੇ PAP 4 ਬਟਾਲੀਅਨ ਮੋਹਾਲੀ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਉੱਥੋਂ ਵਿਦੇਸ਼ ਭੱਜਣ ਦੇ ਖ਼ਤਰੇ ਕਾਰਨ ਸ਼ਨੀਵਾਰ ਨੂੰ ਵਿਜੀਲੈਂਸ ਵਿਭਾਗ ਨੇ ਰਾਜਜੀਤ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ।