ਜਲੰਧਰ: ਨਸ਼ਿਆਂ ਦੇ ਦੈਂਤ ਨੇ ਅੱਜ ਪੰਜਾਬ ਦਾ ਇਕ ਹੋਰ ਨੌਜਵਾਨ ਨਿਗਲ ਲਿਆ। ਜਲੰਧਰ ਕੈਂਟ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੂੰ ਅਜੇ ਕੁੱਝ ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਮ੍ਰਿਕਤ ਰਿੱਕੀ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਘਰ ਵਾਲਿਆਂ ਦੇ ਸਮਝਾਉਣ ਦੇ ਬਾਵਜੂਦ ਉਹ ਨਸ਼ਾ ਨਹੀਂ ਛੱਡ ਪਾਇਆ। ਇੱਥੋਂ ਤ4ਕ ਕਿ ਘਰ ਵਾਲਿਆਂ ਨੇ ਉਸ ਦਾ ਵਿਆਹ ਵੀ ਕੀਤਾ ਇਹ ਸੋਚ ਕੇ ਕਿ ਸ਼ਾਇਦ ਉਹ ਵਿਆਹ ਤੋਂ ਬਾਅਦ ਨਸ਼ਾ ਛੱਡ ਦੇਵੇ।
ਰਿੱਕੀ ਦੀ ਮਾਂ ਮੁਤਾਬਕ ਉਸਨੇ ਕਈ ਵਾਰ ਕਿਹਾ ਸੀ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਉਹ ਛੱਡ ਨਹੀਂ ਪਾ ਰਿਹਾ। ਰਿੱਕੀ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਆਸ-ਪਾਸ ਧੜੱਲੇਦਾਰੀ ਨਾਲ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਪੁਲਿਸ ਤੇ ਨਾ ਹੀ ਸਰਕਾਰ ਇਸ ਖਿਲਾਫ ਕੋਈ ਕਾਰਵਾਈ ਕਰਦੀ ਹੈ।
ਰਿੱਕੀ ਦੇ ਘਰਦਿਆਂ ਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਨਸ਼ਿਆਂ ਦਾ ਦਰਿਆ ਵਹਿਣੋ ਰੋਕਿਆ ਜਾਵੇ ਤਾਂ ਜੋ ਮਾਪਿਆਂ ਦੇ ਪੁੱਤ ਅੰਜਾਈਂ ਮੌਤ ਮਰਨੋ ਬਚ ਸਕਣ।