ਫਾਜ਼ਿਲਕਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ 'ਤੇ ਸੂਬੇ ''ਮਾਫੀਆ ਰਾਜ' ਪੈਦਾ ਕਰਨ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਉਨ੍ਹਾਂ ਨੂੰ 'ਸੁਰੱਖਿਅਤ ਪਨਾਹਗਾਹ' ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ।


ਫਾਜ਼ਿਲਕਾ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦੋਸ਼ ਲਾਇਆ ਕਿ ਇਹ ਬਾਦਲ ਪਰਿਵਾਰ ਹੀ ਹੈ, ਜਿਸ ਨੇ ਸੂਬੇ ਵਿੱਚ ਮਾਫੀਆ ਰਾਜ ਕਾਇਮ ਕੀਤਾ ਹੈ, ਜਿਸ ਨੇ ਪੰਜਾਬ ਦੇ ਵਸੀਲਿਆਂ ਦੀ ਖੁੱਲ੍ਹ ਕੇ ਲੁੱਟ ਕੀਤੀ ਹੈ।


ਚੰਨੀ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਇਹ ਸਭ ਜਾਰੀ ਰਿਹਾ। ਪਰ ਹੁਣ ਲੋਕਾਂ ਦੀ ਸਰਕਾਰ ਨੇ ਮਾਫੀਆ ਰਾਜ ਖ਼ਤਮ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ, "ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੌਰਾਨ ਪੰਜਾਬ ਵਿੱਚ ਮਾਫੀਆ ਰਾਜ ਚੱਲਦਾ ਰਿਹਾ ਪਰ ਹੁਣ ਲੋਕਾਂ ਦੀ ਸਰਕਾਰ ਨੇ ਮਾਫੀਆ ਰਾਜ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ।"


ਚੰਨੀ ਨੇ ਦਿੱਲੀ ਸੀਐਮ 'ਤੇ ਵੀ ਸਾਧਿਆ ਨਿਸ਼ਾਨਾ


ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਦਿੱਲੀ 'ਚ ਕੋਈ ਵਿਕਾਸ ਕਾਰਜ ਨਾ ਕਰਨ ਦਾ ਦੋਸ਼ ਲਗਾਇਆ।


ਇਸ ਮੌਕੇ ਮੁੱਖ ਮੰਤਰੀ ਚੰਨੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ 100 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਅਤੇ ਸ਼ਹੀਦ ਊਧਮ ਸਿੰਘ ਬੱਸ ਟਰਮੀਨਲ ਦਾ ਉਦਘਾਟਨ ਕੀਤਾ। ਉਨ੍ਹਾਂ ਮੈਡੀਕਲ ਸੇਵਾਵਾਂ ਨੂੰ ਪ੍ਰਫੁੱਲਤ ਕਰਨ ਲਈ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ।


ਅਮਰਿੰਦਰ ਸਿੰਘ ਨੇ ਚੰਨੀ ਸਰਕਾਰ 'ਤੇ ਸਾਧਿਆ ਸੀ ਨਿਸ਼ਾਨਾ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਸੂਬੇ 'ਚ ਪਿਛਲੇ ਦੋ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਵਧਿਆ ਹੈ।


ਅਮਰਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਸੂਬਾ ਸਰਕਾਰ ਲੋਕ ਭਲਾਈ ਦੇ ਕੰਮਾਂ ਦਾ ਡਰਾਮਾ ਕਰ ਰਹੀ ਹੈ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਗਏ ਹਨ। ਅਮਰਿੰਦਰ ਸਿੰਘ ਨੇ ਇਹ ਟਿੱਪਣੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਨਵੇਂ ਦਫਤਰ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ।



ਇਹ ਵੀ ਪੜ੍ਹੋ: ਇੱਕ ਝਟਕੇ 'ਚ ਬਦਲੀ ਮਜ਼ਦੂਰ ਦੀ ਕਿਸਮਤ, ਮਿਲਿਆ 60 ਲੱਖ ਦਾ ਹੀਰਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904