Bhagwant Mann on Sanjay Singh Arrest: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਬੁੱਧਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ। ਇਸ ਕਾਰਨ ਆਮ ਆਦਮੀ ਪਾਰਟੀ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਬੋਲ ਰਹੇ ਹੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਜੇ ਸਿੰਘ ਦੀ ਗ੍ਰਿਫਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ  ਲਿਖਿਆ ਹੈ ਕਿ ਜਿੱਥੇ ਜਨਤਾ ਸਾਥ ਨਾ ਦੇਵੇ, ਉੱਥੇ ਈਡੀ ਰਾਹੀਂ ਡਰਾਉਣਾ ਮੋਦੀ ਜੀ ਦੀ ਫਿਤਰਤ ਬਣ ਗਈ ਹੈ ਪਰ ਅਸੀਂ ਵੱਖਰੀ ਮਿੱਟੀ ਦੇ ਬਣੇ ਹਾਂ, ਡਰਨ ਵਾਲੇ ਨਹੀਂ...ਸੰਜੇ ਸਿੰਘ ਜ਼ਿੰਦਾਬਾਦ...


 






 


'ਅਸੀਂ ਝੁਕਵਾਂਗੇ ਨਹੀਂ, ਸੱਚ ਦੀ ਜਿੱਤ ਹੋਵੇਗੀ'
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ 'ਚ ਲਿਖਿਆ ਕਿ ਮੈਂ ਸੰਸਦ ਮੈਂਬਰ ਸੰਜੇ ਸਿੰਘ ਦੀ ਈਡੀ ਵੱਲੋਂ ਗ੍ਰਿਫਤਾਰੀ ਦੀ ਸਖਤ ਨਿੰਦਾ ਕਰਦਾ ਹਾਂ। ਉਹ ਸੰਸਦ ਦੇ ਅੰਦਰ ਤੇ ਬਾਹਰ ਭ੍ਰਿਸ਼ਟਾਚਾਰ ਖਿਲਾਫ ਇੱਕ ਮਜ਼ਬੂਤ ​​ਆਵਾਜ਼ ਰਹੇ ਹਨ। ਭਾਜਪਾ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਏਜੰਸੀਆਂ ਦੀ ਵਰਤੋਂ ਕਰ ਸਕਦੀ ਹੈ ਪਰ ਅਸੀਂ ਝੁਕਾਂਗੇ ਨਹੀਂ ਤੇ ਸੱਚ ਦੀ ਜਿੱਤ ਹੋਵੇਗੀ।


'ਈਡੀ ਨੂੰ ਹਥਿਆਰ ਬਣਾ ਰਹੀ ਮੋਦੀ ਸਰਕਾਰ'
ਪੰਜਾਬ ਸਰਕਾਰ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ 'ਚ ਲਿਖਿਆ ਕਿ ਸੰਜੇ ਸਿੰਘ ਦੀ ਗ੍ਰਿਫਤਾਰੀ ਲੋਕਤੰਤਰ 'ਤੇ ਦਿਲ ਦਹਿਲਾਉਣ ਵਾਲੇ ਹਮਲੇ ਨੂੰ ਉਜਾਗਰ ਕਰਦੀ ਹੈ। ਮੋਦੀ ਸਰਕਾਰ ਅਸਹਿਮਤੀ ਨੂੰ ਦਬਾਉਣ ਤੇ ਸਿਆਸੀ ਵਿਰੋਧੀਆਂ ਨੂੰ ਕੁਚਲਣ ਲਈ ਈਡੀ ਨੂੰ ਹਥਿਆਰ ਬਣਾ ਰਹੀ ਹੈ, ਜੋ ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰਨਾਕ ਹੈ। ਇਹ ਖ਼ਤਰਨਾਕ ਰੁਝਾਨ ਤੁਰੰਤ ਧਿਆਨ ਤੇ ਵਿਰੋਧ ਦੀ ਮੰਗ ਕਰਦਾ ਹੈ।


ਬਦਲੇ ਦੀ ਰਾਜਨੀਤੀ ਕਰ ਰਹੀ ਭਾਜਪਾ ਸਰਕਾਰ
ਪੰਜਾਬ 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਈਡੀ ਦੇ ਛਾਪੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ 'ਆਪ' ਖਿਲਾਫ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਪਰ ਅੱਜ ਤੱਕ ਕਿਸੇ ਵੀ ‘ਆਪ’ ਆਗੂ ਕੋਲੋਂ ਇੱਕ ਪੈਸਾ ਵੀ ਨਹੀਂ ਮਿਲਿਆ। ਸਾਡੇ ਕਈ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ ਤੇ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਹ ਸਭ ਸਿਆਸੀ ਬਦਲਾਖੋਰੀ ਹੈ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ।