ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੁਰਾਸੀ ਦੰਗਿਆਂ ਵਿੱਚ ਕਾਂਗਰਸ ਦੇ ਸਿਰਫ ਪੰਜ ਵਿਅਕਤੀ ਸ਼ਾਮਲ ਸਨ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਸਿੱਖਾਂ ਵਿਰੁੱਧ ਹਿੰਸਾ ਕਰਨ ਵਿੱਚ 22 ਵਿਅਕਤੀਆਂ ਨਾਲ ਆਏ ਭਾਜਪਾ ਦੇ ਵਰਕਰ ਸ਼ਾਮਲ ਸਨ।


ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਤੇ ਆਪਣੀ ਪਤਨੀ ਪਰਨੀਤ ਕੌਰ ਲਈ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਪਰ ਹੈਰਾਨੀ ਉਦੋਂ ਹੋਈ ਜਦ ਕੈਪਟਨ ਭਾਸ਼ਣ ਦੇਣ ਲਈ ਖੜ੍ਹ ਹੋਏ ਪਰ ਉਦੋਂ ਤਕ ਸੈਂਕੜੇ ਕੁਰਸੀਆਂ ਖਾਲੀ ਹੋ ਚੁੱਕੀਆਂ ਸੀ। ਲੋਕ ਕੈਪਟਨ ਦੇ ਵਿਚਾਰ ਸੁਣਨ ਤੋਂ ਪਹਿਲਾਂ ਹੀ ਚੱਲਦੇ ਬਣੇ।

ਇੱਥੇ ਮੁੱਖ ਮੰਤਰੀ ਨੇ ਕਿਹਾ ਕਿ ਚੁਰਾਸੀ ਘਟਨਾਵਾਂ ਵਿੱਚ ਕਿਸੇ ਪਾਰਟੀ ਦਾ ਹਿੱਸਾ ਨਹੀਂ ਸੀ, ਇਹ ਬਾਹਰੀ ਲੋਕ ਸਨ ਜਿਨ੍ਹਾਂ ਨੇ ਇਹ ਹਿੰਸਾ ਕੀਤੀ ਸੀ। ਉਨ੍ਹਾਂ ਕਿਹਾ ਕਿ ਚੁਰਾਸੀ ਦੰਗਿਆਂ ਸਮੇਂ ਉਹ ਤੇ ਉਨ੍ਹਾਂ ਦਾ ਭਰਾ ਉੱਥੇ ਕੈਂਪਾਂ ਵਿੱਚ ਪਹੁੰਚੇ ਸਨ ਅਤੇ ਚਾਰ ਦਿਨ ਉੱਥੇ ਹੀ ਰਹੇ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਜਦੋਂ ਸੱਤਾ ਵਿੱਚ ਹੁੰਦੇ ਹਨ ਤਾਂ ਕਦੇ ਵੀ ਚੁਰਾਸੀ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਾਦਲ ਇਹ ਮੁੱਦਾ ਸਿਰਫ ਉਦੋਂ ਚੁੱਕਦੇ ਹਨ ਜਦ ਉਹ ਵਿਰੋਧੀ ਧਿਰ ਵਿੱਚ ਬੈਠੇ ਹੋਣ। ਕੈਪਟਨ ਨੇ ਬੇਅਦਬੀ ਬਾਰੇ ਕਿਹਾ ਕਿ ਐਸਟੀਆਈ ਜਾਂਚ ਕਰੇਗੀ ਅਤੇ ਕੋਰਟ ਵਿੱਚ ਜਾਵੇਗੀ ਫਿਰ ਦੋਸ਼ੀਆਂ ਨੂੰ ਸਜ਼ਾ ਮਿਲੇਗੀ।