ਚੰਡੀਗੜ੍ਹ: ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤੇ ਪ੍ਰਸਿੱਧ ਕਲਾਕਾਰ ਸੰਨੀ ਦਿਓਲ ਨੂੰ ਵੱਡਾ ਝਟਕਾ ਦਿੱਤਾ ਹੈ। ਸੰਨੀ ਦਿਓਲ ਨੇ ਬਗ਼ੈਰ ਪ੍ਰਵਾਨਗੀ ਤੋਂ ਪ੍ਰਚਾਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਤਕਰੀਬਨ ਪੌਣੇ ਦੋ ਲੱਖ ਰੁਪਏ ਦਾ 'ਜ਼ੁਰਮਾਨਾ' ਹੋਇਆ ਹੈ। ਸੰਨੀ ਖ਼ਿਲਾਫ਼ ਕਾਰਵਾਈ ਕਾਂਗਰਸ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।




ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਨੇ ਦੱਸਿਆ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ ਨੇ 'ਫੈਨਸ ਆਫ ਸੰਨੀ ਦਿਓਲ' ਨਾਂਅ ਦੇ ਫੇਸਬੁੱਕ ਪੇਜ ਨੂੰ ਬਗ਼ੈਰ ਇਜਾਜ਼ਤ ਤੋਂ ਚਲਾਇਆ ਜਾ ਰਿਹਾ ਸੀ ਤੇ ਸਪੱਸ਼ਟੀਕਰਨ ਮੰਗਣ 'ਤੇ ਸੰਨੀ ਨੇ ਕੋਈ ਜਵਾਬ ਨਹੀਂ ਦਿੱਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਨੇ ਬੀਤੀ ਛੇ ਮਈ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੀ ਤਫਤੀਸ਼ ਚੋਣ ਖਰਚਾ ਅਫਸਰ ਵੱਲੋਂ ਕਰਵਾਈ ਗਈ। ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਨੋਟਿਸ ਭੇਜ ਕੇ ਉਸ ਦਾ ਜਵਾਬ ਮੰਗਿਆ ਗਿਆ ਸੀ ਪਰ ਸੰਨੀ ਦਿਓਲ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਚੋਣ ਕਮਿਸ਼ਨ ਨੇ ਇੱਕ ਲੱਖ 74 ਹਜ਼ਾਰ 644 ਰੁਪਏ ਸੰਨੀ ਦਿਓਲ ਦੇ ਚੋਣ ਖਰਚੇ ਵਿੱਚ ਜੋੜਨ ਦਾ ਫੈਸਲਾ ਕੀਤਾ ਹੈ।