Punjab Himachal Controversy: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਾਮਲੇ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਇਸ ਮੌਕੇ ਬੱਸ ਉੱਤੇ ਹਮਲਾ ਹੋਣ ਦੀ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਹਨ। ਇਸ ਮਾਮਲੇ ਉੱਤੇ ਹੁਣ ਜਮ ਕੇ ਸਿਆਸਤ ਵੀ ਹੋ ਰਹੀ ਹੈ। ਹੁਣ ਇਸ ਮਾਮਲੇ ਉੱਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਵਿਧਾਨ ਸਭਾ ਵਿੱਚ ਸਦਨ ਦੇ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਬੱਸਾਂ 'ਤੇ ਪੱਥਰਬਾਜ਼ੀ ਕਰਨ ਅਤੇ ਗੜਬੜ ਪੈਦਾ ਕਰਨ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦਾ ਵੀ ਭਰੋਸਾ ਦਿੱਤਾ ਹੈ। ਦੋਵਾਂ ਰਾਜਾਂ ਦੇ ਡੀਜੀਪੀ ਪੱਧਰ 'ਤੇ ਗੱਲਬਾਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ। ਅਸੀਂ ਸਾਰੇ ਧਾਰਮਿਕ ਗੁਰੂਆਂ ਦਾ ਸਤਿਕਾਰ ਕਰਦੇ ਹਾਂ, ਪਰ ਮਾਹੌਲ ਖਰਾਬ ਕਰਨਾ ਅਣਉਚਿਤ ਹੈ।
ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ CM ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਸ਼ਰਾਰਤੀ ਅਨਸਰਾਂ ਉੱਤੇ ਕਾਰਵਾਈ ਕੀਤੀ ਜਾਵੇਗੀ। ਮੰਤਰੀ ਸੁੱਖੂ ਨੇ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਸਾਡੇ ਭਰਾ ਹਨ, ਅਸੀਂ ਮਹਾਪੰਜਾਬ ਦਾ ਹਿੱਸਾ ਸੀ ਪਰ ਨੌਜਵਾਨ ਕਈ ਵਾਰ ਬਹਿਕ ਜਾਂਦੇ ਹਨ। ਪੰਜਾਬ ਦੇ ਲੋਕ ਸਾਡੇ ਵੱਡੇ ਭਰਾ ਵਰਗੇ ਹਨ ਤੇ ਅਸੀਂ ਵੀ ਉਨ੍ਹਾਂ ਦਾ ਸਨਮਾਨ ਕਰਦੇ ਹਾਂ, ਅਸੀਂ ਗੁਰੂਆਂ ਦਾ ਸਨਮਾਨ ਕਰਦੇ ਹਾਂ ਪਰ ਬੱਸ ਉੱਤੇ ਹਮਲਾ ਕਰਨ ਦੀ ਗੱਲ ਅਣਉਚਿਤ ਹੈ।
ਅਨੁਰਾਗ ਠਾਕੁਰ ਨੇ ਕੀ ਕਿਹਾ ?
ਸਾਬਕਾ ਕੇਂਦਰੀ ਮੰਤਰੀ ਤੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਇੱਕ ਸ਼ਾਂਤੀ ਪਸੰਦ ਸੂਬਾ ਹੈ ਪਰ ਕਾਂਗਰਸ ਸਰਕਾਰ ਦੇ ਕੁਸ਼ਾਸਨ ਕਾਰਨ ਇੱਥੇ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਦਾ ਹੜ੍ਹ ਆਉਂਦਾ ਹੈ। ਹਿਮਾਚਲ ਦੀਆਂ ਬੱਸਾਂ 'ਤੇ ਪੱਥਰਬਾਜ਼ੀ ਤੇ ਉਨ੍ਹਾਂ 'ਤੇ ਖਾਲਿਸਤਾਨੀ ਪੋਸਟਰ ਚਿਪਕਾਉਣ ਦੀ ਘਟਨਾ ਨਿੰਦਣਯੋਗ ਹੈ ਤੇ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਟੁੱਟਣ ਦਾ ਸਬੂਤ ਹੈ। ਮੁੱਖ ਮੰਤਰੀ ਨੂੰ ਘਟਨਾ ਦੇ ਦੋਸ਼ੀਆਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਬਿਨਾਂ ਕਿਸੇ ਡਰ ਦੇ ਸਫ਼ਰ ਕਰ ਸਕਣ।