ਲੁਧਿਆਣਾ: ਅੱਜ ਤੋਂ ਇੱਕ ਮਹੀਨਾ ਪਹਿਲਾਂ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਗਿੱਲ ਚੌਕ 'ਤੇ ਬਣੇ ਪੁਲ਼ ਦੀਆਂ ਸਲੈਬਾਂ ਰਾਤ ਗਿਆਰਾਂ ਵਜੇ ਅਚਾਨਕ ਡਿੱਗ ਪਈਆਂ ਸਨ। ਘਟਨਾ ਤੋਂ ਮਹੀਨੇ ਬਅਦ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਲੈਬਾਂ ਦੇ ਡਿੱਗਣ ਪਿੱਛੇ ਚੂਹਿਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕਮੇਟੀ ਨੇ ਜਾਂਚ ਦੌਰਾਨ ਪਾਇਆ ਕਿ ਚੂਹਿਆਂ ਨੇ ਸਲੈਬਾਂ ਹੇਠਲੇ ਜਾਲ ਨੂੰ ਹੌਲੀ-ਹੌਲੀ ਕੁਤਰ ਦਿੱਤਾ। ਇਸ ਤੋਂ ਬਾਅਦ ਜਾਲ ਵਿੱਚ ਸਲੈਬਾਂ ਦਾ ਭਾਰ ਚੁੱਕਣ ਦੀ ਸਮਰੱਥਾ ਖ਼ਤਮ ਹੋ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਨਗਰ ਨਿਗਮ ਅਧਿਕਾਰੀਆਂ ਨੇ ਵੀ ਇਸ ਘਟਨਾ ਪਿੱਛੇ ਚੂਹਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲ਼ ਹੇਠ ਬਣੇ ਹੋਏ ਕੂੜਾ ਡੰਪ ਕਾਰਨ ਚੂਹੇ ਇਸ ਪੁਲ਼ ਦੀਆਂ ਸਲੈਬਾਂ ਨੂੰ ਕੁਤਰਦੇ ਰਹੇ, ਜਿਸ ਕਾਰਨ ਪੁਲ਼ ਵਿੱਚ ਤਰੇੜਾਂ ਆ ਗਈਆਂ।

ਜ਼ਿਕਰਯੋਗ ਹੈ ਕਿ ਘਟਨਾ ਸਥਾਨ 'ਤੇ ਪਹੁੰਚੇ ਐਮਪੀ ਰਵਨੀਤ ਬਿੱਟੂ ਨੇ 14 ਮਈ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਬਿੱਟੂ ਨੂੰ ਸੌਂਪ ਦਿੱਤੀ ਹੈ। ਇਸ ਜਾਂਚ ਕਮੇਟੀ 'ਚ ਏਡੀਸੀ ਸ਼ੇਨਾ ਅਗਰਵਾਲ, ਐਮਸੀ ਐਗਜ਼ੀਕਿੂਟਿਵ ਇੰਜੀਨੀਅਰ ਰਾਹੁਲ ਗਗਨੇਜਾ, ਪੀਡਬਲਯੂਡੀ ਐਗਜ਼ੀਕਿਊਟਿਵ ਇੰਜੀਨੀਅਰ ਰਾਕੇਸ਼ ਗਰਗ ਤੇ ਗਲਾਡਾ ਐਗਜ਼ੀਕਿਊਟਿਵ ਇੰਜੀਨੀਅਰ ਰਣਬੀਰ ਸਿੰਘ ਸ਼ਾਮਲ ਸਨ।

ਦੱਸ ਦਈਏ ਕਿ ਘਟਨਾ ਵਾਲੀ ਰਾਤ ਪੁਲ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲ ਦੀ ਮੁਰੰਮਤ ਦਾ ਕੰਮ ਆਉਂਦੇ ਇਕ ਹਫਤੇ 'ਚ ਮੁਕੰਮਲ ਹੋ ਜਾਵੇਗਾ ਜਿਸ ਤੋਂ ਬਾਅਦ ਆਵਾਜਾਈ ਆਮ ਵਾਂਗ ਹੋ ਜਾਵੇਗੀ।