ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ਵਿੱਚ ਸਿਲੇਬਸ ਨਾਲ ਕੀਤੀ ਛੇੜਛਾੜ ਦਰੁਸਤ ਕਰਨ ਲਈ ਜਾਂਚ ਕਮੇਟੀ ਨੂੰ ਹੀ ਨਵੀਂ ਤੇ ਸਹੀ ਕਿਤਾਬ ਬਣਾਉਣ ਦਾ ਕੰਮ ਜਾਂਚ ਕਮੇਟੀ ਨੂੰ ਹੀ ਸੌਂਪ ਦਿੱਤਾ ਹੈ। ਹੁਣ ਪ੍ਰੋਫੈਸਰ ਕਿਰਪਾਲ ਸਿੰਘ ਹਿਸਟੋਰੀਅਨ ਦੀ ਅਗਵਾਈ ਵਾਲੀ ਕਮੇਟੀ ਨਵੀਂ ਕਿਤਾਬ ਤਿਆਰ ਕਰੇਗੀ। ਪ੍ਰੋਫੈਸਰ ਕਿਰਪਾਲ ਸਿੰਘ ਨੇ ਮੁੱਖ ਮੰਤਰੀ ਨੂੰ ਕਿਤਾਬ ਬਾਰੇ ਆਪਣੀ ਰਿਪੋਰਟ ਦਿੱਤੀ ਤੇ ਸਰਕਾਰ ਨੂੰ ਮੰਨਣਾ ਪਿਆ ਹੈ ਕਿ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਸਿਲੇਬਸ ਵਿੱਚ ਛੇੜਛਾੜ ਕੀਤੀ ਗਈ ਹੈ।   ਮੁੱਖ ਮੰਤਰੀ ਨੇ ਟਵੀਟ ਕਰ ਕੇ ਦੱਸਿਆ ਕਿ ਅੱਜ ਉਨ੍ਹਾਂ ਉੱਘੇ ਇਤਿਹਾਸਕਾਰ ਪ੍ਰੋਫੈਸਰ ਡਾ. ਕਿਰਪਾਲ ਸਿੰਘ ਹਿਸਟੋਰੀਅਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਕੂਲੀ ਬੱਚਿਆਂ ਲਈ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਬੇਨਤੀ ਵੀ ਕੀਤੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ ਨੇ ਵਿਵਾਦਿਤ ਕਿਤਾਬ ਨੂੰ ਦਰੁਸਤ ਦੱਸਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਿਤਾਬ ਵਿਵਾਦ 'ਤੇ ਵਿਰੋਧੀਆਂ ਉੱਪਰ ਸਿਆਸਤ ਕਰਨ ਦਾ ਇਲਜ਼ਾਮ ਵੀ ਲਾਇਆ ਸੀ। ਏਬੀਪੀ ਸਾਂਝਾ 'ਤੇ ਪ੍ਰੋ. ਕਿਰਪਾਲ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਬਾਰ੍ਹਵੀਂ ਦੀ ਨਵੀਂ ਕਿਤਾਬ ਵਿੱਚ ਬਹੁਤ ਗ਼ਲਤੀਆਂ ਹਨ। ਉਨ੍ਹਾਂ ਕਿਤਾਬ ਦੇ ਲੇਖਕਾਂ ਨੂੰ ਵਿਸ਼ੇ ਬਾਰੇ ਅਗਿਆਨ ਹੋਣ ਦੀ ਗੱਲ ਵੀ ਕਹੀ ਸੀ। ਪ੍ਰੋ. ਕਿਰਪਾਲ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਸੀ ਕਿ ਜੇਕਰ ਸਰਕਾਰ ਕਹੇਗੀ ਤਾਂ ਉਹ ਕਿਤਾਬ ਬਣਾ ਦੇਣਗੇ। ਹੁਣ ਮੁੱਖ ਮੰਤਰੀ ਨੂੰ ਰਿਪੋਰਟ ਆਉਣ ਤੋਂ ਬਾਅਦ ਨਵੀਂ ਕਿਤਾਬ ਬਣਾਉਣ ਦੀ ਜ਼ਿੰਮੇਵਾਰੀ ਕਮੇਟੀ ਨੂੰ ਸੌਂਪਣੀ ਪਈ।