ਚੰਡੀਗੜ੍ਹ: 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਛੇ ਮੈਂਬਰੀ ਕਮੇਟੀ ਨੇ ਗ਼ਲਤੀਆਂ ਨੂੰ ਦੇਖਦਿਆਂ ਕਿਤਾਬ ਨੂੰ ਵਾਪਸ ਮੰਗਵਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਇਤਿਹਾਸ ਦੀ ਨਵੀਂ ਕਿਤਾਬ ਵਿੱਚ ਕਈ ਗ਼ਲਤੀਆਂ ਸਨ। ਕਿਤਾਬ ਵਿੱਚ ਕੀਤੀ ਸੋਧ 'ਤੇ ਅਕਾਲੀ ਦਲ ਸਮੇਤ ਕਈ ਪੰਥਕ ਸ਼ਖ਼ਸੀਅਤਾਂ ਨੇ ਸਵਾਲ ਚੁੱਕੇ ਸਨ, ਜਿਸ 'ਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੰਤਰੀਆਂ ਨੇ ਸਿਆਸਤ ਕੀਤੇ ਜਾਣ ਦਾ ਦੋਸ਼ ਲਾਇਆ ਸੀ।
ਕਮੇਟੀ ਦੇ ਇਕ ਮਾਹਰ ਨੇ ਸ਼ੁੱਕਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਿਹਾ ਕਿ ਫਿਲਹਾਲ ਵਿਦਿਆਰਥੀਆਂ ਨੂੰ ਇਤਿਹਾਸ ਦੇ ਪੁਰਾਣੇ ਸਲੇਬਸ ਤੇ ਪਿਛਲੀ ਕਿਤਾਬ ਅਨੁਸਾਰ ਹੀ ਪੜ੍ਹਾਇਆ ਜਾਵੇ ਕਿਉਂਕਿ ਨਵੀਂ ਕਿਤਾਬ ਵਿੱਚ ਕਈ ਗ਼ਲਤੀਆਂ ਹਨ ਤੇ ਉਨ੍ਹਾਂ ਨੂੰ ਸੋਧਿਆ ਜਾਣਾ ਚਾਹੀਦਾ ਹੈ।
ਕਮੇਟੀ ਨੇ ਮੰਨਿਆ ਕਿ ਚਾਹੇ ਇਤਿਹਾਸ ਦੀ ਪਹਿਲੀ ਕਿਤਾਬ 'ਤੇ ਵੀ ਇਤਰਾਜ਼ ਜਤਾਇਆ ਗਿਆ ਸੀ ਪਰ ਹਾਲ ਦੀ ਘੜੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਹੋਰ ਵਿਕਲਪ ਨਹੀਂ ਹੈ, ਕਿਉਂਕਿ ਪਹਿਲਾਂ ਹੀ ਅਕਾਦਮਿਕ ਸੈਸ਼ਨ ਦੇ 2 ਮਹੀਨੇ ਬੀਤ ਚੁੱਕੇ ਹਨ। ਕਮੇਟੀ ਦੇ ਇੱਕ ਹੋਰ ਮੈਂਬਰ ਨੇ ਕਿਹਾ ਕਿ ਇਤਾਹਾਸ ਦੀ ਨਵੀਂ ਕਿਤਾਬ ਵਿੱਚ ਤੱਥਾਂ ਦੇ ਨਾਲ-ਨਾਲ ਸੰਕਲਪ ਵੀ ਗ਼ਲਤ ਦਰਸਾਏ ਗਏ ਹਨ, ਇੱਥੋਂ ਤਕ ਕਿ ਅਨੁਵਾਦਕ ਗਲਤੀਆਂ ਵੀ ਹਨ।
ਅਖ਼ਬਾਰ 'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਮੁਤਾਬਕ ਕਮੇਟੀ ਨੂੰ ਕਿਤਾਬ ਵਿੱਚ ਮੌਜੂਦ ਗ਼ਲਤੀਆਂ ਦੀ ਲਿਸਟ ਵੀ ਤਿਆਰ ਕਰਨ ਲਈ ਕਿਹਾ ਗਿਆ ਜੋ ਕਿ 21 ਜੂਨ ਨੂੰ ਹੋ ਰਹੀ ਅਗਲੀ ਮੀਟਿੰਗ ਵਿੱਚ ਰੱਖੀ ਜਾਵੇਗੀ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਇਸ ਮੁੱਦੇ 'ਤੇ ਵਿਰੋਧੀ ਪਾਰਟੀਆਂ ਲਗਾਤਾਰ ਕਾਂਗਰਸ ਨੂੰ ਘੇਰ ਰਹੀਆਂ ਸਨ। ਇੱਥੋਂ ਤਕ ਕਿ ਸ਼੍ਰੋਮਣੀ ਕਮੇਟੀ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਵੱਲੋਂ ਜਾਣਬੁੱਝ ਕੇ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਚੋਂ ਸਿੱਖ ਗੁਰੂਆਂ ਨਾਲ ਸਬੰਧਤ ਪਾਠ ਜਾਣਬੁੱਝ ਕੇ ਹਟਾਏ ਗਏ ਹਨ। ਹਾਲਾਂਕਿ ਕਾਂਗਰਸ ਨੇ ਇਸ 'ਤੇ ਤਰਕ ਦਿੱਤਾ ਸੀ ਕਿ ਕੁਝ ਵੀ ਹਟਾਇਆ ਨਹੀਂ ਗਿਆ ਸੀ ਸਗੋਂ ਕੁਝ ਨਵੇਂ ਅਧਿਆਏ ਸ਼ਾਮਿਲ ਕੀਤੇ ਗਏ ਸਨ।
ਕਿਤਾਬ 'ਤੇ ਉੱਠੇ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਤਾਬ ਨੂੰ ਘੋਖਣ ਲਈ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਚ ਬਣਾਈ ਕਮੇਟੀ 'ਚ ਪ੍ਰੋਫੈਸਰ ਪ੍ਰਿਥੀਪਾਲ ਸਿੰਘ, ਪ੍ਰੋਫੋਸਰ ਜੇਐਸ ਗਰੇਵਾਲ, ਪ੍ਰੋਫੈਸਰ ਇੰਦੂ ਬੰਗਾ, ਇੰਦਰਜੀਤ ਸਿੰਘ ਗੋਗੋਈ ਤੇ ਬਲਵਿੰਦਰ ਸਿੰਘ ਢਿੱਲੋਂ ਸਮੇਤ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਸੋਧ ਕੀਤੇ ਜਾਣ ਤੋਂ ਬਾਅਦ ਨਵੀਂ ਕਿਤਾਬ ਅਗਲੇ ਅਕਾਦਮਿਕ ਸੈਸ਼ਨ ਤੋਂ ਸਕੂਲਾਂ ਵਿੱਚ ਲਾਗੂ ਕੀਤੀ ਜਾਵੇਗੀ।