ਚੰਡੀਗੜ੍ਹ: ਦਮਦਮੀ ਟਕਸਾਲ ਨੇ ਇੱਕ ਵਾਰ ਫਿਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਝੰਡਾ ਚੁੱਕ ਲਿਆ ਹੈ। ਦਮਦਮੀ ਟਕਸਾਲ ਨੇ ਕੁਝ ਹੋਰ ਸਿੱਖ ਜਥੇਬੰਦੀਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਪਹੁੰਚ ਕੀਤੀ ਹੈ। ਬੁੱਧਵਾਰ ਨੂੰ ਟਕਸਾਲ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਸਮੇਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਢੱਡਰੀਆਂ ਵਾਲੇ ਦੇ 14 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਹੋ ਰਹੇ ਸੰਮੇਲਨ ’ਤੇ ਰੋਕ ਲਾਈ ਜਾਵੇ।


ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਹਦਾਇਤ ਕੀਤੀ ਹੈ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ, ਜੋ ਆਪਣੀ ਰਿਪੋਰਟ 12 ਨਵੰਬਰ ਤੱਕ ਸੌਂਪੇ। ਢੱਡਰੀਆਂ ਵਾਲੇ ਵੱਲੋਂ ਨਵੰਬਰ ਨੂੰ ਅੰਮ੍ਰਿਤਸਰ ਦੇ 14 ਰਣਜੀਤ ਐਵੇਨਿਊ ਇਲਾਕੇ ਵਿੱਚ ਦੀਵਾਨ ਸਜਾਇਆ ਜਾ ਰਿਹਾ ਹੈ।

ਇਨ੍ਹਾਂ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਗਿਆ ਹੈ ਕਿ ਢੱਡਰੀਆਂ ਵਾਲਾ ਦੀ ਪ੍ਰਚਾਰ ਸਮੱਗਰੀ ਗੁਰਮਤਿ ਦੀ ਕਸੌਟੀ ’ਤੇ ਖਰੀ ਨਹੀਂ ਹੈ। ਉਹ ਸਿੱਖ ਮਰਿਆਦਾ ’ਤੇ ਚੋਟ ਕਰਕੇ ਸੰਗਤ ਨੂੰ ਸਿੱਖੀ ਮਾਰਗ ਤੋਂ ਭਟਕਾਉਣ ਦਾ ਯਤਨ ਕਰ ਰਿਹਾ ਹੈ। ਇਸ ’ਤੇ ਗਿਆਨੀ ਗੁਰਬਚਨ ਸਿੰਘ ਨੇ ਜਾਂਚ ਤੇ ਦੀਵਾਨ ’ਤੇ ਰੋਕ ਲਾਉਣ ਦੀ ਕੀਤੀ ਮੰਗ ਸਬੰਧੀ ਪੜਤਾਲ ਲਈ ਜਾਂਚ ਕਮੇਟੀ ਬਣਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ। ਇਹ ਜਾਂਚ ਕਮੇਟੀ 12 ਨਵੰਬਰ ਤੱਕ ਆਪਣੀ ਰਿਪੋਰਟ ਦੇਵੇਗੀ, ਜਿਸ ਨੂੰ 13 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।