ਚੰਡੀਗੜ੍ਹ: ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਖਿਲਾਫ ਫ਼ੌਜਦਾਰੀ ਸ਼ਿਕਾਇਤ ਦਾਇਰ ਕਰਵਾਈ ਗਈ ਹੈ। ਇਹ ਸ਼ਿਕਾਇਤ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੇ ਕਰਵਾਈ ਹੈ।
ਉਨ੍ਹਾਂ ਨੇ ਆਪਣੇ ਭਰਾ ਸ਼ਿਵਇੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਹੋਰਾਂ ਖਿਲਾਫ਼ ਵਿੱਤੀ ਫਰਾਡ ਤੇ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਫ਼ੌਜਦਾਰੀ ਸ਼ਿਕਾਇਤ ਦਾਇਰ ਕੀਤੀ ਹੈ। ਸ਼ਿਕਾਇਤ ਵਿੱਚ ਨਾਮਜ਼ਦ ਹੋਰਾਂ ਵਿੱਚ ਗੁਰਕੀਰਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਸ਼ਬਨਮ ਢਿੱਲੋਂ, ਗੋਡਵਾਨੀ ਭਰਾ-ਸੁਨੀਲ ਤੇ ਸੰਜੇ ਸ਼ਾਮਲ ਹਨ।
ਮਾਲਵਿੰਦਰ ਸਿੰਘ ਨੇ ਦਿੱਲੀ ਵਿੱਚ ਆਰਥਿਕ ਅਪਰਾਧ ਸ਼ਾਖਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ, "ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਕੀਲ ਫਰੀਦਾ ਚੋਪੜਾ ਰਾਹੀਂ ਉਸ (ਮਾਲਵਿੰਦਰ ਸਿੰਘ) ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਗੁਰਿੰਦਰ ਸਿੰਘ ਢਿੱਲੋਂ ਦੀਆਂ ਮੰਗਾਂ ਨਾਲ ਸਹਿਮਤੀ ਨਾ ਜਤਾਈ ਤਾਂ ਉਸ ਨੂੰ ਰਾਧਾ ਸਵਾਮੀ ਸਤਸੰਗ ਦੇ ਬੰਦਿਆਂ ਰਾਹੀਂ ਖਤਮ ਕਰਵਾ ਦਿੱਤਾ ਜਾਵੇਗਾ।"
ਉਨ੍ਹਾਂ ਇਲਜ਼ਾਮ ਲਾਇਆ ਕਿ ਸ਼ਿਵਇੰਦਰ ਮੋਹਨ ਸਿੰਘ ਤੇ ਸੁਨੀਲ ਗੋਡਵਾਨੀ ਨੇ ਹੋਰ ਮੁਲਜ਼ਮਾਂ ਨਾਲ ਗੰਢਤੁਪ ਕਰਕੇ ਦੋ ਹੋਰ ਕੰਪਨੀਆਂ-ਰੈਲੀਗੇਅਰ ਐਂਟਰਪ੍ਰਾਈਜ਼ਜ਼ ਲਿਮਟਿਡ ਤੇ ਰੈਲੀਗੇਅਰ ਫਿਨਵੈਸਟ ਲਿਮਟਿਡ ਵਿੱਚ ਵੱਡਾ ਵਿੱਤੀ ਫਰਾਡ ਕੀਤਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਢਿੱਲੋਂ ਪਰਿਵਾਰ ਨਾਲ ਸਾਜਿਸ਼ ਕਰਕੇ ਕੰਪਨੀਆਂ ਦੀ ਵਿੱਤੀ ਸਥਿਤੀ ਬਾਰੇ ਗਲਤ ਜਾਣਕਾਰੀ ਪੇਸ਼ ਕੀਤੀ ਤਾਂ ਕਿ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਜਦੋਂ ਇਸ ਸਬੰਧ ਵਿੱਚ ਸ਼ਿਵਇੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਦਕਿ ਮਾਲਵਿੰਦਰ ਸਿੰਘ ਨੇ ਵੀ ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ।