ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੈਪਟਨ ਦੇ ਵਜ਼ੀਰਾਂ ਤੇ ਅਫ਼ਸਰਾਂ ਵਿਚਾਲੇ ਵਿਵਾਦ ਹੋਰ ਭਖਦਾ ਜਾ ਰਿਹਾ ਹੈ। ਕੈਟਪਨ ਦੇ ਮੰਤਰੀ ਆਪਣੀ ਹੀ ਸਰਕਾਰ ਤੇ ਪਾਰਟੀ ਨਾਲ ਦੋ ਹੱਥ ਕਰਨ ਦੀ ਜ਼ਿੱਦ 'ਚ ਹਨ। ਕੈਪਟਨ ਦੇ ਵਜ਼ੀਰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਟਾਉਣ ਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਖਿਲਾਫ ਅਨੁਸ਼ਾਸਨੀ ਕਾਰਵਾਈ 'ਤੇ ਅੜੇ ਹੋਏ ਹਨ।


ਸ਼ਨੀਵਾਰ ਕੈਬਨਿਟ ਸਬ ਕਮੇਟੀ ਦੀ ਬੈਠਕ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੀਫ਼ ਸੈਕਟਰੀ 'ਤੇ ਭੜਕੇ ਸਨ। ਇਸ ਦੌਰਾਨ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਬੈਠਕ ਤੋਂ ਬਾਹਰ ਚਲੇ ਗਏ। ਐਤਵਾਰ ਵੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਬਾਜਵਾ, ਮਨਪ੍ਰੀਤ ਬਾਦਲ, ਸੁੱਖ ਸਰਕਾਰੀਆ, ਚਰਨਜੀਤ ਚੰਨੀ, ਬਲਬੀਰ ਸਿੱਧੂ ਨੇ ਆਪਸ 'ਚ ਬੈਠਕ ਕੀਤੀ ਪਰ ਕਿਸੇ ਅੰਤਿਮ ਫੈਸਲੇ 'ਤੇ ਨਹੀਂ ਪਹੁੰਚ ਸਕੇ।


ਮੰਤਰੀਆਂ 'ਚ ਮੁੱਖ ਸਕੱਤਰ ਦੇ ਵਤੀਰੇ ਖਿਲਾਫ ਕਾਫੀ ਗੁੱਸਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੇ ਸਟੈਂਡ 'ਤੇ ਡਟੇ ਹੋਏ ਹਨ। ਓਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਤੇ ਅਫ਼ਸਰਾਂ ਵਿਚਾਲੇ ਕਸੂਤੇ ਘਿਰ ਗਏ ਹਨ ਤੇ ਉਹ ਪੂਰਾ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ 'ਚ ਹਨ।


ਮੰਤਰੀਆਂ ਨੇ ਸਪਸ਼ਟ ਕਰ ਦਿੱਤਾ ਕਿ ਸੋਮਵਾਰ ਹੋਣ ਵਾਲੀ ਬੈਠਕ 'ਚ ਮੁੱਖ ਸਕੱਤਰ ਨਹੀਂ ਹੋਣੇ ਚਾਹੀਦੇ। ਉਹ ਪਹਿਲਾਂ ਹੀ ਕਰਨ ਅਵਤਾਰ ਸਿੰਘ ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ। ਹੁਣ ਅੱਜ ਹੋਣ ਵਾਲੀ ਬੈਠਕ 'ਚ ਮੁੱਦਾ ਫਿਰ ਤੋਂ ਉੱਠੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ