ਚੰਡੀਗੜ੍ਹ: ਬੀਜੇਪੀ ਨੇ ਨਹੂੰ-ਮਾਸ ਦੇ ਰਿਸ਼ਤੇ ਨੂੰ ਭਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰਿਆਣਾ ਵਿੱਚ ਗੱਠਜੋੜ ਤੋਂ ਇਨਕਾਰ ਮਗਰੋਂ ਬੀਜੇਪੀ ਪੰਜਾਬ ਵਿੱਚ ਵੀ ਝਟਕਾ ਦੇਣ ਲਈ ਤਿਆਰ ਹੈ। ਬੀਜੇਪੀ ਨੇ ਹੁਣ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਅਕਾਲੀ ਦਲ ਵੱਡਾ ਭਰਾ ਨਹੀਂ ਰਿਹਾ ਸਗੋਂ ਵੱਡੇ ਦੀ ਥਾਂ ਬੀਜੇਪੀ ਨੇ ਲੈ ਲਈ ਹੈ।


ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਹੁਣ ਵੱਡਾ ਭਰਾ ਹੋਣ ਦੇ ਨਾਤੇ ਭਾਜਪਾ ਨੂੰ 117 ’ਚੋਂ 59 ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਬੀਜੇਪੀ ਲੀਡਰ ਪੰਜਾਬ ਵਿੱਚ ਅਕਾਲੀ ਦਲ ਨੂੰ ਵੱਡਾ ਭਰਾ ਹੀ ਕਹਿੰਦੇ ਆਏ ਹਨ।

ਉਂਝ ਮਿੱਤਲ ਨੇ ਅਕਾਲੀ ਦਲ-ਬੀਜੇਪੀ ਗੱਠਜੋੜ ਵਿੱਚ ਕਿਸੇ ਕਿਸਮ ਦੀ ਤਰੋੜ ਤੋਂ ਇਨਕਾਰ ਕੀਤਾ ਹੈ। ਮਿੱਤਲ ਨੇ ਕਿਹਾ ਕਿ ਹਰਿਆਣਾ ਅੰਦਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਕੋਈ ਗੱਠਜੋੜ ਸੀ ਤੇ ਨਾ ਹੀ ਹੈ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕੱਲੇ ਚੋਣਾਂ ਲੜਨ ਦਾ ਐਲਾਨ ਹੈ ਤਾਂ ਉਹ ਪਹਿਲਾਂ ਵੀ ਕਦੇ ਬੀਜੇਪੀ ਨਾਲ ਮਿਲ ਕੇ ਚੋਣਾਂ ਨਹੀਂ ਲੜਿਆ। ਇਸ ਲਈ ਹਰਿਆਣਾ ਦਾ ਕੋਈ ਵੀ ਅਸਰ ਪੰਜਾਬ ਅੰਦਰ ਗੱਠਜੋੜ ਦੇ ਰਿਸ਼ਤਿਆਂ ’ਤੇ ਨਹੀਂ ਪਵੇਗਾ।

ਇਸ ਵੇਲੇ ਪੰਜਾਬ ਵਿੱਚ ਬੀਜੇਪੀ ਕੋਲ 23 ਸੀਟਾਂ ਹਨ। ਕੇਂਦਰ ਵਿੱਚ ਮੁੜ ਮੋਦੀ ਸਰਕਾਰ ਬਣਨ ਮਗਰੋਂ ਬੀਜੇਪੀ ਅੱਧੀਆਂ ਸੀਟਾਂ ਮੰਗਣ ਲੱਗੀ ਹੈ। ਮਿੱਤਲ ਦਾ ਕਹਿਣਾ ਹੈ ਕਿ ਅੱਜ ਸਮੁੱਚੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਭਰ ’ਚੋਂ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਬੀਜੇਪੀ ਨੇ ਪੰਜਾਬ ਵਿੱਚ ਵੀ ਪੂਰੀ ਪਕੜ ਬਣਾਈ ਹੈ ਤੇ ਵਰਕਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਅੱਜ ਵੱਡਾ ਭਰਾ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਹੈ। ਇਸ ਕਰਕੇ ਹੁਣ 117 ’ਚੋਂ 59 ਸੀਟਾਂ ’ਤੇ ਬੀਜੇਪੀ ਤੇ 58 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣ ਲੜਨੀ ਚਾਹੀਦੀ ਹੈ।