ਬਰਨਾਲਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਰੈਲੀ 'ਤੇ ਵਿਰੋਧੀਆਂ ਨੇ ਚੋਭਾਂ ਭਰੇ ਸ਼ਬਦੀ ਹਮਲੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਕੇਜਰੀਵਾਲ ਦੀ ਰੈਲੀ ਨੂੰ ਬੇਅਰਸ ਦੱਸਦਿਆਂ ਲੋਕ ਸਭਾ ਚੋਣਾਂ ਵਿੱਚ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ।
ਕਾਂਗਰਸ ਦੇ ਸਹਿ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦਰੀਆਂ 'ਤੇ ਬੈਠਣ ਵਾਲਿਆਂ ਨੇ ਹੁਣ ਖ਼ੁਦ ਹੀ ਵੀਆਈਪੀ ਕਲਚਰ ਅਪਣਾ ਲਿਆ ਹੈ, ਜਿਸ ਦੀ ਉਹ ਖ਼ਿਲਾਫ਼ਤ ਕਰਦੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੀ ਰੈਲੀ ਵਿੱਚ ਉਹੀ ਵੀਆਈਪੀ ਗੇਟ ਰੱਖੇ ਹਨ ਤੇ ਲੋਕਾਂ ਤੋਂ ਦੂਰ ਉੱਚੀ ਸਟੇਜ ਲਾ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਰਿਹਾ ਹੈ ਤੇ ਲੋਕ ਸਭਾ ਚੋਣਾਂ ਵਿੱਚ 'ਆਪ' ਇੱਕ ਵੀ ਸੀਟ ਨਹੀਂ ਜਿੱਤੇਗੀ।
ਉੱਧਰ, ਅਕਾਲੀ ਲੀਡਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ 'ਆਪ' 'ਤੇ ਸਵਾਲ ਚੁੱਕੇ। ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾਂਜਲੀ ਦੇਣ ਬਰਨਾਲਾ ਪਹੁੰਚੇ ਢੀਂਡਸਾ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਵਿਧਾਇਕ ਹੀ ਸੰਭਾਲ ਨਹੀਂ ਪਾਈ, ਉਹ ਸਰਕਾਰ ਕੀ ਚਲਾਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਉਂਦੀਆਂ ਆਮ ਚੋਣਾਂ ਵਿੱਚ 'ਆਪ' ਨੂੰ ਸ਼ੀਸ਼ਾ ਦਿਖਾ ਦੇਣਾ ਹੈ, ਕਿਉਂਕਿ ਉਨ੍ਹਾਂ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੇਗੀ।