ਲੁਧਿਆਣਾ: ਅੰਮ੍ਰਿਤਸਰ ਦੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਕਾਂਗਰਸ ਦੇ ਮੰਤਰੀ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ 'ਤੇ ਵਿਰੋਧੀਆਂ ਵੱਲੋਂ ਇਲਜ਼ਾਮ ਲਾਏ ਜਾਣ ਦੇ ਬਾਵਜੂਦ ਪਾਰਟੀ ਨੇ ਸਬਕ ਨਹੀਂ ਲਿਆ। ਕਾਂਗਰਸ ਲੁਧਿਆਣਾ ਵਿੱਚ ਵੀ ਅੰਮ੍ਰਿਤਸਰ ਵਾਂਗ ਰੇਲ ਲਾਈਨ ਕੋਲ ਸਮਾਗਮ ਰੱਖਿਆ, ਜਿਸ ਵਿੱਚ ਸ਼ਹਿਰ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਨੇ ਵੀ ਸ਼ਿਰਕਤ ਕੀਤੀ। ਕਾਂਗਰਸ ਵੱਲੋਂ ਅੰਮ੍ਰਿਤਸਰ ਵਾਲੀ 'ਗ਼ਲਤੀ' ਮੁੜ ਦੁਹਰਾਏ ਜਾਣ 'ਤੇ ਵਿਰੋਧੀ ਧਿਰਾਂ ਨੇ ਵੀ ਤਿੱਖੇ ਸਵਾਲ ਚੁੱਕੇ। ਇੱਕ ਪਾਸੇ ਰੇਲਾਂ ਲੰਘ ਰਹੀਆਂ ਹਨ, ਦੂਜੇ ਪਾਸੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਜਦ ਇਸ ਬਾਰੇ ਮਹਿਮਾਨ ਵਜੋਂ ਆਏ ਵਿਧਾਇਕ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਇਹੋ ਕਿਹਾ ਕਿ ਸਮਾਗਮ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਹਾਲਾਂਕਿ, ਡਾਵਰ ਨੇ ਇਹ ਮੰਨਿਆ ਕਿ ਜੇਕਰ ਪਹਿਲਾਂ ਪਤਾ ਹੁੰਦਾ ਕਿ ਰੇਲਵੇ ਲਾਈਨਾਂ ਕੋਲ ਸਮਾਗਮ ਕਰਵਾਇਆ ਜਾਣਾ ਹੈ ਤਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਮੀਡੀਆ ਦੇ ਸਵਾਲਾਂ ਤੋਂ ਪ੍ਰੇਸ਼ਾਨ ਆ ਕੇ ਸੁਰਿੰਦਰ ਡਾਵਰ ਨੇ ਇਹ ਕਹਿ ਦਿੱਤਾ ਕਿ ਅੱਗੇ ਤੋਂ ਰੇਲ ਲਾਈਨ ਨੇੜੇ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਦ ਰੇਲਵੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੀਆਰਪੀ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਮਾਗਮ ਰੇਲਵੇ ਦੀ ਜਗ੍ਹਾ ਵਿੱਚ ਨਹੀਂ ਸੀ। ਹਾਲਾਂਕਿ, ਅੰਮ੍ਰਿਤਸਰ ਵਾਲਾ ਦੁਸਹਿਰਾ ਸਮਾਗਮ ਵੀ ਰੇਲਵੇ ਦੀ ਜ਼ਮੀਨ 'ਤੇ ਨਹੀਂ ਸੀ, ਪਰ ਅਜਿਹੇ ਪ੍ਰੋਗਰਾਮ ਲੋਕਾਂ ਦੀ ਜਾਨ ਦਾ ਖੌਅ ਜ਼ਰੂਰ ਬਣ ਜਾਂਦੇ ਹਨ।