ਕਾਂਗਰਸ ਖੇਡ ਰਹੀ ਧਿਆਨ ਭਟਕਾਉਣ ਦੀ ਖੇਡ- ਭਗਵੰਤ ਮਾਨ
ਏਬੀਪੀ ਸਾਂਝਾ | 03 Dec 2018 07:20 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਦੇ ਮੁੱਦਿਆਂ ਤੇ ਹੱਕੀ ਮੰਗਾਂ ਤੋਂ ਮੂੰਹ ਮੋੜ ਕੇ ਗੈਰ ਜ਼ਰੂਰੀ ਗੱਲਾਂ ਨੂੰ ਹਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇ ਕਾਂਗਰਸੀ ਮੰਤਰੀ ਰਿਪੋਰਟ ਕਾਰਡ ਦੇ ਆਧਾਰ 'ਤੇ ਇੱਕ ਦੂਜੇ ਦਾ ਅਸਤੀਫ਼ਾ ਮੰਗਦੇ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ’ਚ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਇਹ ਕਾਂਗਰਸ ਦੇ ਤਿੰਨ ਕਪਤਾਨਾਂ ਦੇ ਵੱਕਾਰ ਦੀ ਅੰਦਰੂਨੀ ਲੜਾਈ ਹੈ, ਇਨਾਂ 'ਚੋਂ ਇੱਕ ਕ੍ਰਿਕੇਟ ਦਾ ਕਪਤਾਨ ਹੈ, ਇੱਕ ਫ਼ੌਜ ਦਾ ਕਪਤਾਨ ਹੈ ਅਤੇ ਇੱਕ ਪਾਰਟੀ ਦਾ ਕਪਤਾਨ ਹੈ। ਕੌਣ ਕਿਸ ਨੂੰ ਵੱਡਾ ਕਪਤਾਨ ਮੰਨਦਾ ਹੈ ਪੰਜਾਬ ਦੇ ਲੋਕਾਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਲੋਕ ਤਾਂ ਉਸ ਕਪਤਾਨ ਨੂੰ ਲੱਭ ਰਹੇ ਹਨ, ਜਿਸ ਨੂੰ ਪ੍ਰਸ਼ਾਂਤ ਕਿਸ਼ੋਰ ਨੇ 'ਮਸੀਹਾ' ਬਣਾ ਕੇ ਪੇਸ਼ ਕੀਤਾ ਸੀ, ਪਰ ਇਹ 'ਕਪਤਾਨ' ਪੌਣੇ ਦੋ ਸਾਲਾਂ 'ਚ ਪੂਰੀ ਤਰਾਂ ਫ਼ੇਲ੍ਹ ਹੋ ਚੁੱਕਾ ਹੈ। ਲੋਕ ਇਸ ਕਪਤਾਨ (ਕੈਪਟਨ ਅਮਰਿੰਦਰ ਸਿੰਘ) ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਬਾਦਲਾਂ 'ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਦੀ ਤੱਕੜੀ ਖਿੱਲਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਵਾਲੇ ਨੀਂਹ ਪੱਥਰ 'ਤੇ ਸਿਆਸੀ ਆਗੂਆਂ ਨੂੰ ਆਪਣੇ ਨਾਂ ਲਿਖਾਉਣ ਦੀ ਥਾਂ 'ਗੁਰੂ ਨਾਨਕ ਅੰਤਰਰਾਸ਼ਟਰੀ ਸ਼ਾਂਤੀ ਲਾਂਘਾ' ਲਿਖਾਉਣਾ ਚਾਹੀਦਾ ਸੀ।