ਚੰਡੀਗੜ੍ਹ: ਕਾਂਗਰਸ ਨੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ 'ਤੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਚੌਥੀ ਸੀਟ ਦਾਖਾ ਹਾਰਨ ਦਾ ਗਮ ਵੀ ਹੈ। ਦਾਖਾ ਸੀਟ ਇਸ ਲਈ ਵੀ ਅਹਿਮ ਸੀ ਕਿਉਂਕਿ ਇੱਥੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ-ਮ-ਖਾਸ ਕੈਪਟਨ ਸੰਦੀਪ ਸੰਧੂ ਮੈਦਾਨ ਵਿੱਚ ਸਨ।

ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ। ਕਾਂਗਰਸ ਨੂੰ ਇਹ ਸੀਟ ਜਿੱਤਣ ਦਾ ਪੂਰਾ ਭਰੋਸਾ ਸੀ ਪਰ ਅਕਾਲੀ ਦਲ ਨੇ ਇਸ ਸੀਟ 'ਤੇ ਕਬਜ਼ਾ ਕਰ ਲਿਆ। ਜੇਕਰ ਇਹ ਸੀਟ ਮੁੜ ਆਮ ਆਦਮੀ ਪਾਰਟੀ ਜਿੱਤ ਲੈਂਦੀ ਤਾਂ ਸ਼ਾਇਦ ਕਾਂਗਰਸ ਨੂੰ ਇੰਨਾ ਦੁਖ ਨਹੀਂ ਹੋਣਾ ਸੀ ਪਰ ਹਲਕੇ ਵਿੱਚ ਅਕਾਲੀ ਦਲ ਦਾ ਉਭਾਰ ਕਾਂਗਰਸ ਨੂੰ ਚੁੱਭ ਰਿਹਾ ਹੈ।

ਅਕਾਲੀ ਵਿਧਾਇਕ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਤਿੰਨ ਸੀਟਾਂ 'ਤੇ ਕਾਂਗਰਸ ਦੀ ਜਿੱਤ ਦੀ ਵੱਡੀ ਖੁਸ਼ੀ ਹੈ ਪਰ ਇੱਕ ਸੀਟ ਦਾਖਾ ਹਾਰਨ ਦਾ ਗ਼ਮ ਵੀ ਓਨਾ ਹੀ ਹੈ। ਵੜਿੰਗ ਨੇ ਕਿਹਾ ਕਿ ਜਲਾਲਾਬਾਦ ਤੋਂ ਕਾਂਗਰਸ ਦਾ ਜਿੱਤਣਾ ਸੰਕੇਤ ਹੈ ਕੀ ਅਕਾਲੀ ਦਲ ਨਹੀਂ ਸੁਖਬੀਰ ਬਾਦਲ ਨੂੰ ਲੋਕ ਨਾਪਸੰਦ ਕਰਦੇ ਹਨ।

ਰਾਜਾ ਵੜਿੰਗ ਨੇ ਦਾਖਾ ਵਿੱਚ ਹਾਰ ਦੌਰਾਨ ਗਲਤੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਵਿਧਾਇਕ ਕੁਲਬੀਰ ਜ਼ੀਰਾ ਦੀ ਹਰਕਤ ਨੂੰ ਸਮੀਕਰਨ ਦਾ ਨਾਮ ਦਿੰਦਿਆਂ ਕਿਹਾ ਕਿ ਕੁਝ ਗਲਤੀਆਂ ਚੋਣਾਂ ਦੌਰਾਨ ਹੋ ਜਾਂਦੀਆਂ ਹਨ ਜਿਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਜਲਾਲਾਬਾਦ ਜਿਸ ਦਿਨ ਚੋਣ ਮੈਦਾਨ ਵਿੱਚ ਉੱਤਰੇ ਸੀ, ਉਸ ਦਿਨ ਜਲਾਲਾਬਾਦ ਵੱਡਾ ਚੈਲੰਜ ਸੀ, ਪਰ ਸਮੇਂ ਦੇ ਨਾਲ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ।