Punjab News: ਸੂਬੇ ਦੀਆਂ ਮੰਡੀਆਂ ਵਿੱਚੋਂ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਵੱਲੋਂ ਪੀਆਰ 126 ਹਾਈਬ੍ਰੇਡ ਝੋਨੇ ਦੀ ਖ਼ਰੀਦ ਨੂੰ ਚੱਲ ਰਿਹਾ ਵਿਵਾਦ ਹੁਣ ਸਿਆਸੀ ਰੂਪ ਲੈ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ ਜਦੋਂ ਕਿ ਕਿਸਾਨਾਂ ਨੂੰ ਸੂਬਾ ਸਰਕਾਰ ਨੇ ਹੀ ਪੀਆਰ 126 ਕਿਸਮ ਲਗਾਉਣ ਲਈ ਅਪੀਲ ਕੀਤੀ ਸੀ। 


ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ,ਇਹ ਸੱਚਮੁੱਚ ਨਿਰਾਸ਼ਾਜਨਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਦੀਆਂ ਅਸਲ ਚਿੰਤਾਵਾਂ ਨੂੰ ਸੰਬੋਧਿਤ ਕਰਨ ਦੀ ਬਜਾਏ, PR-126 ਝੋਨੇ ਦੇ ਮੁੱਦੇ 'ਤੇ ਆਪਣੀ "ਅੱਧੀ ਪੱਕੀ" ਸਮਝ ਦੇ ਅਧਾਰ 'ਤੇ ਸਸਤੇ ਮਜ਼ਾਕ ਦਾ ਸਹਾਰਾ ਲੈਂਦੇ ਹਨ।



ਅਸਲੀਅਤ ਇਹ ਹੈ ਕਿ ਉਹ ਸਾਡੇ ਰਾਜ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ 'ਤੇ ਅਖਬਾਰਾਂ ਪੜ੍ਹਨ ਜਾਂ ਅਪਡੇਟ ਰਹਿਣ ਦੀ ਖੇਚਲ ਵੀ ਨਹੀਂ ਕਰਦਾ। ਮੈਂ ਇਹ ਦਿਖਾਉਣ ਲਈ ਖਬਰਾਂ ਦੀਆਂ ਫੋਟੋਆਂ ਨੱਥੀ ਕੀਤੀਆਂ ਹਨ ਕਿ ਉਹ ਕਿੰਨਾ ਕੁ ਸੰਪਰਕ ਤੋਂ ਬਾਹਰ ਹੈ।ਹਾਲਾਂਕਿ ਮੈਂ ਉਸ ਤੋਂ ਬਹੁਤੀ ਉਮੀਦ ਨਹੀਂ ਰੱਖਦਾ, ਘੱਟ ਤੋਂ ਘੱਟ ਉਹ ਬੋਲਣ ਤੋਂ ਪਹਿਲਾਂ ਆਪਣੇ ਆਪ ਨੂੰ ਸਿੱਖਿਅਤ ਤਾਂ ਕਰ ਸਕਦਾ ਹੈ। ਪੰਜਾਬ ਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਜ਼ਮੀਨੀ ਹਕੀਕਤਾਂ ਨੂੰ ਸਮਝਦਾ ਹੋਵੇ, ਨਾ ਕਿ ਗਲਤ ਜਾਣਕਾਰੀ ਦੇਣ ਵਾਲੇ।






ਜ਼ਿਕਰ ਕਰ ਦਈਏ ਕਿ ਬੀਤੇ ਦਿਨ ਵੀ ਵਿਰੋਧੀ ਧਿਰ ਦੇ ਲੀਡਰ ਨੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਸੀ। ਬਾਜਵਾ ਨੇ ਦਾਅਵਾ ਕੀਤਾ ਸੀ ਕਿ ਝੋਨੇ ਦੀ ਲਿਫਟਿੰਗ ਹੌਲੀ ਹੋ ਗਈ ਹੈ, ਜਿਸ ਕਾਰਨ ਕਿਸਾਨ ਕਈ-ਕਈ ਦਿਨ ਮੰਡੀਆਂ 'ਚ ਫਸੇ ਰਹਿੰਦੇ ਨੇ ਤੇ ਉੱਥੇ ਹੀ ਰਾਤਾਂ ਦੀ ਨੀਂਦ ਕੱਟਣ ਲਈ ਮਜਬੂਰ ਹਨ। ਬਾਜਵਾ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਨੇ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਪੀਆਰ-126 ਕਿਸਮ ਨੂੰ ਉਤਸ਼ਾਹਿਤ ਕੀਤਾ।



ਮੁੱਖ ਮੰਤਰੀ ਮਾਨ ਨੇ ਕੀ ਦਿੱਤਾ ਸੀ ਜਵਾਬ ?


ਬਾਜਵਾ ਦੇ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਲਈ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਕਿਉਂਕਿ ਉਹ ਮੀਡੀਆ 'ਚ ਸੁਰਖੀਆਂ ਬਟੋਰਨ ਲਈ ਲਗਾਤਾਰ ਝੂਠ ਬੋਲ ਰਹੇ ਹਨ। ਪੀਆਰ-126 ਕਿਸਮ ਬਾਰੇ ਬਾਜਵਾ ਦਾ ਬਿਆਨ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ, ਬੇਬੁਨਿਆਦ, ਤਰਕਹੀਣ ਅਤੇ ਗੁੰਮਰਾਹਕੁੰਨ ਹੈ।