ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਤਕਰੀਬਨ ਫਾਈਨਲ ਹੋ ਗਈ ਹੈ। ਇਸ ਸੂਚੀ ਨੂੰ ਇਸ ਹਫਤੇ ਹੀ ਜਾਰੀ ਕਰਨ ਦੀ ਉਮੀਦ ਹੈ। ਸ਼ਨੀਵਾਰ ਨੂੰ ਕਾਂਗਰਸ ਚੋਣ ਕਮੇਟੀ (ਸੀ.ਈ.ਸੀ.) ਨੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਤਕਰੀਬਨ ਇੱਕ ਘੰਟਾ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਹਿੱਸਾ ਲਿਆ। ਸੀ.ਈ.ਸੀ. ਦੀ ਅਗਲੀ ਮੀਟਿੰਗ ਅੱਠ ਦਸੰਬਰ ਨੂੰ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਉਮੀਦਵਾਰਾਂ ਦੀ ਸੂਚੀ ਜਾਰੀ ਹੋ ਸਕਦੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਸਾਰੇ ਉਮੀਦਵਾਰਾਂ ਦੀ ਇਕੱਠੀ ਸੂਚੀ ਜਾਰੀ ਕਰਨਾ ਚਾਹੁੰਦੀ ਹੈ। ਇਸ ਲਈ ਤੈਅ ਉਮੀਦਵਾਰਾਂ ਦੀ ਸੂਚੀ ਵੀ ਰੋਕ ਲਈ ਗਈ ਹੈ। ਪਹਿਲਾਂ ਚਰਚਾ ਸੀ ਕਿ ਕਾਂਗਰਸ 65 ਉਮੀਦਵਾਰਾਂ ਦੀ ਸੂਚੀ ਐਤਵਾਰ ਨੂੰ ਜਾਰੀ ਕਰੇਗੀ।
ਇਹ ਵੀ ਪਤਾ ਲੱਗਾ ਹੈ ਕਿ 60 ਤੋਂ ਵੱਧ ਉਮੀਦਵਾਰਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਈ ਕਮਾਂਡ ਨੇ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਤੇ ਖਾਸ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸੀਨੀਅਰ ਆਗੂ ਅੰਬਿਕਾ ਸੋਨੀ, ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਸਾਰੇ ਹਲਕਿਆਂ ਦੀ ਸੂਚੀ ਲੈ ਕੇ ਆਉਣ ਤਾਂ ਕਿ ਉਮੀਦਵਾਰਾਂ ਦਾ ਐਲਾਨ ਇਕੋ ਵੇਲੇ ਕੀਤਾ ਜਾ ਸਕੇ।