ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅੱਜ ਛੇਵੀਂ ਹਾਰਟ ਆਫ਼ ਏਸ਼ੀਆ ਕਾਨਫ਼ਰੰਸ ਦਾ ਉਦਘਾਟਨ ਕਰਨਗੇ। ਕਾਨਫ਼ਰੰਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਉਤੇ ਸਭ ਦੀਆਂ ਨਜ਼ਰਾਂ ਹੋਣਗੀਆਂ।
ਪਰ ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਦੁਵੱਲੀ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਭਾਰਤ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹੈ ਕਿ ਦਹਿਸ਼ਤਗਰਦੀ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੀ। ਭਾਰਤ ਨੇ ਪਾਕਿਸਾਤਨ ਨੂੰ ਸਾਫ ਕਰ ਦਿੱਤਾ ਹੈ ਕਿ ਪਹਿਲਾਂ ਉਹ ਦਹਿਸ਼ਤਗਰਦੀ ਨੂੰ ਨੱਥ ਪਾਵੇ, ਮਗਰੋਂ ਦੁਵੱਲੀ ਗੱਲਬਾਤ ਹੋਵੇਗੀ।
ਇਸ ਤੋਂ ਪਹਿਲਾਂ ਕਾਨਫਰੰਸ ਵਿੱਚ ਦਹਿਸ਼ਤਗਰਦੀ ਵਿਰੋਧੀ ਪ੍ਰਬੰਧ ਨੂੰ ਅੰਤਿਮ ਰੂਪ ਦੇਣ, ਅਫ਼ਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਅਤੇ ਜੰਗ ਕਾਰਨ ਮੁਸ਼ਕਲਾਂ ਵਿੱਚ ਘਿਰੇ ਇਸ ਦੇਸ਼ ਦੇ ਵਿੱਤੀ ਵਿਕਾਸ ਲਈ ਖੇਤਰੀ ਸੰਪਰਕ ਮਜ਼ਬੂਤ ਕਰਨ, ਹੋਰ ਏਸ਼ਿਆਈ ਮੁਲਕਾਂ ਵਿੱਚ ਦਹਿਸ਼ਤਗਰਦੀ ਦੇ ਖ਼ਤਰੇ ਨਾਲ ਨਜਿੱਠਣ ਅਤੇ ਆਪਸੀ ਵਪਾਰ ਵਧਾਉਣ ਵਰਗੇ ਮੁੱਦੇ ਵਿਚਾਰੇ ਗਏ।
ਅੰਮ੍ਰਿਤਸਰ ਹਵਾਈ ਅੱਡੇ ਨੇੜਲੇ ਹੋਟਲ ਵਿੱਚ ਸ਼ੁਰੂ ਹੋਈ ਇਸ ਦੋ ਰੋਜ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਇਸ ਦੀ ਅਗਵਾਈ ਭਾਰਤ ਦੇ ਵਿਦੇਸ਼ ਸਕੱਤਰ ਐਸ. ਜੈ ਸ਼ੰਕਰ ਅਤੇ ਅਫ਼ਗਾਨਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਹਿਕਮਤ ਖ਼ਲੀਲ ਕਰਜ਼ਈ ਨੇ ਕੀਤੀ। ਲਗਪਗ 40 ਮੁਲਕਾਂ ਦੇ ਨੁਮਾਇੰਦੇ ਅਤੇ ਅੱਠ ਦੇਸ਼ਾਂ ਦੇ ਵਿਦੇਸ਼ ਮੰਤਰੀ ਇਸ ਵਿੱਚ ਸ਼ਾਮਲ ਹੋਣ ਪੁੱਜੇ ਹਨ।
ਕਾਨਫਰੰਸ ਦੇ ਦੂਜੇ ਦਿਨ ਤੁਰਕਮੇਨਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿਚਾਲੇ ਗੈਸ ਪਾਈਪ ਲਾਈਨ ਵਿਛਾਉਣ ਅਤੇ ਚਾਬਹਾਰ ਪ੍ਰੋਜੈਕਟ ਤਹਿਤ ਪੰਜ ਮੁਲਕਾਂ ਸਬੰਧੀ ਰੇਲ ਯੋਜਨਾ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਕਾਨਫ਼ਰੰਸ ਵਿੱਚ ਭਾਰਤ ਸਮੇਤ ਅਫ਼ਗਾਨਿਸਤਾਨ, ਚੀਨ, ਇਰਾਨ, ਕਿਰਗਿਜ਼ਸਤਾਨ, ਸਾਊਦੀ ਅਰਬ, ਪਾਕਿਸਤਾਨ, ਤਜਾਕਿਸਤਾਨ, ਤੁਰਕਮੇਨਿਸਤਾਨ, ਤੁਰਕੀ, ਯੂ.ਏ.ਈ. ਆਦਿ ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋਏ ਹਨ।