ਚੰਡੀਗੜ੍ਹ: ਸੰਗਰੂਰ ਤੋਂ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਤੇ ਸਾਬਕਾ ਮੰਤਰੀ ਸੁਰਿੰਦਰਪਾਲ ਸਿਬੀਆ ਨੂੰ ਸੰਗਰੂਰ ਅਦਾਲਤ ਨੇ 6 ਮਹੀਨਿਆਂ ਲਈ ਪ੍ਰੋਬੇਸ਼ਨ ’ਤੇ ਰਹਿਣ ਦੀ ਸਜ਼ਾ ਸੁਣਾਈ ਹੈ। ਦਰਅਸਲ 2015 ਵਿੱਚ ਵਿਜੇਂਦਰ ਸਿੰਗਲਾ ਤੇ ਸੰਗਰੂਰ ਦੇ ਹੀ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ  ਨੇ ਰੇਲ ਗੱਡੀ ਰੋਕ ਕੇ ਪ੍ਰਦਰਸ਼ਨ ਕੀਤਾ ਸੀ। ਰੇਲਵੇ ਨੇ ਇਨ੍ਹਾਂ ’ਤੇ ਸੰਗਰੂਰ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਸੀ। ਇਸੇ ਮਾਮਲੇ ’ਤੇ ਸੁਣਵਾਈ ਕਰਦਿਆਂ ਅੱਜ ਦੋਵਾਂ ਨੂੰ 6 ਮਹੀਨੇ ਦੇ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਫੈਸਲੇ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਚਾਹੇ ਮੁਲਜ਼ਮ ਕੋਈ ਵਿਧਾਇਕ ਜਾਂ ਲੀਡਰ ਹੀ ਕਿਉਂ ਨਾ ਹੋਏ। ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਅਦਾਲਤ ਦੇ ਵਕੀਲ ਨੇ ਦੱਸਿਆ ਕਿ ਵਿਜੇਂਦਰ ਸਿੰਗਲਾ ਨੇ 2015 ਵਿੱਚ ਆਪਣੀ ਸਿਆਸਤ ਚਮਕਾਉਣ ਲਈ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਸੀ। ਜੱਜ ਨੇ ਉਨ੍ਹਾਂ ਨੂੰ 6 ਮਹੀਨੇ ਦੇ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਹੈ ਪਰ ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਸਾਬਕਾ ਪਾਰਲੀਮੈਂਟ ਸਕੱਤਰ ਤੇ ਅਕਾਲੀ ਲੀਡਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਆਦਰ ਕਰਦੇ ਹਨ। ਅਦਾਲਤ ਦਾ ਫੈਸਲਾ ਸਭ ਲਈ ਇੱਕ ਹੈ। ਉੱਧਰ ਕਾਂਗਰਸ ਲੀਡਰ ਤੇ ਉੱਚ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣੇ ਸਾਥੀ ਮੰਤਰੀ ਦਾ ਬਚਾਅ ਕਰਦਿਆਂ ਕਿਹਾ ਕਿ ਰੇਲ ਤਾਂ ਕਿਸਾਨ ਵੀ ਰੋਕਦੇ ਹਨ। ਉਹ ਵੀ ਪ੍ਰਦਰਸ਼ਨ ਕਰਦੇ ਹਨ।