ਬਠਿੰਡਾ: ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕ ਪਿੱਛੇ ਜਿਹੇ ਚਰਚਾ ਵਿੱਚ ਆਏ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਵਿੱਚ ਡਟ ਗਏ ਹਨ। ਇੱਥੇ ਉਨ੍ਹਾਂ ਅਕਾਲੀ ਦਲ ਖ਼ਿਲਾਫ਼ ਤਿੱਖੇ ਸ਼ਬਦੀ ਤੀਰ ਛੱਡੇ ਤੇ ਕਾਂਗਰਸ ਦੇ ਕੌਮੀ ਨੇਤਾ ਵੱਲੋਂ 1984 ਸਿੱਖ ਕਤਲੇਆਮ ਬਾਰੇ ਵਿਵਾਦਤ ਬਿਆਨ ਤੋਂ ਕੰਨ ਵਲ੍ਹੇਟ ਲਏ।

ਇੱਥੇ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਖਬੀਰ ਬਾਦਲ ਕਿਉਂ ਕਹਿੰਦੇ ਹੋ, ਲੋਕ ਉਸ ਨੂੰ ਸੁੱਖਾ ਗੱਪੀ ਕਹਿੰਦੇ ਹਨ। ਉਨ੍ਹਾਂ ਇਹ ਵੀ ਚੈਲੰਜ ਕੀਤਾ ਕਿ ਸੁਖਬੀਰ ਬਾਦਲ ਉਨ੍ਹਾਂ ਨਾਲ ਬਹਿਸ ਕਰਨ ਤੇ ਉਹ ਤਿਆਰ ਹਨ। ਜਦ ਜ਼ੀਰਾ ਨੂੰ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਬਲੂੰਗੜਾ ਆਖ ਕੇ ਸੰਬੋਧਨ ਕਰਨਾ ਠੀਕ ਹੈ ਤਾਂ ਜ਼ੀਰਾ ਨੇ ਉਲਟਾ ਪੱਤਰਕਾਰਾਂ 'ਤੇ ਹੀ ਇਲਜ਼ਾਮ ਲਾ ਦਿੱਤੇ ਕਿ ਮੀਡੀਆ ਵਾਲੇ ਉਨ੍ਹਾਂ ਦੇ ਮੂੰਹੋਂ ਜ਼ਬਰਦਸਤੀ ਅਜਿਹਾ ਕਢਵਾ ਰਹੇ ਹਨ ਤੇ ਕੈਪਟਨ ਦੇ ਸਹੀ ਬਿਆਨ ਨੂੰ ਮੀਡੀਆ ਸਾਹਮਣੇ ਨਹੀਂ ਲਿਆ ਰਿਹਾ।

ਲੰਬੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਕੁਲਬੀਰ ਜ਼ੀਰਾ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਕਿ '84 ਦੇ ਕਤਲੇਆਮ ਬਾਰੇ ਸੈਮ ਪਿਤ੍ਰੋਦਾ ਵੱਲੋਂ ਦਿੱਤਾ ਬਿਆਨ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲਾ ਹੈ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੱਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਬਾਰੇ ਪੁੱਛਿਆ ਜਾਵੇ ਤੇ ਜਦੋਂ ਉਹ ਸੰਸਦ ਮੈਂਬਰ ਬਣ ਗਏ ਤਾਂ ਉਹ ਪੰਜਾਬ ਤੋਂ ਬਾਹਰ ਦੀ ਰਾਜਨੀਤੀ ਬਾਰੇ ਵੀ ਗੱਲ ਕਰਨਗੇ। ਉਨ੍ਹਾਂ ਨੇ '84 ਹਿੰਸਾ ਦਾ ਗੁਨਾਹਗਾਰ ਭਾਜਪਾ ਨੂੰ ਦੱਸਿਆ।