ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਪੰਚਾਇਤੀ ਚੋਣਾਂ ਵਿੱਚ ਲੋਕਾਂ ਨੇ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕੀਤਾ। ਵੱਡੇ ਪੱਧਰ 'ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੂੰ ਲੋਕਾਂ ਦਾ ਇਹ ਫੈਸਲਾ ਹਜ਼ਮ ਨਹੀਂ ਹੋ ਰਿਹਾ।
ਧਰਮਸੋਤ ਨੇ ਕਿਹਾ ਅਕਾਲੀ ਦਲ ਨੇ 10 ਸਾਲ ਗੁੰਡਾਗਰਦੀ ਨਾਲ ਰਾਜ ਕੀਤਾ ਸੀ ਤੇ ਗੁੰਡਾਗਰਦੀ ਦਾ ਨਤੀਜਾ ਹਰ ਚੋਣ ਵਿੱਚ ਸਾਹਮਣੇ ਦਿਖਾਈ ਦੇ ਰਿਹਾ ਹੈ। ਮਜੀਠੀਆ ਵੱਲੋਂ ਜਾਰੀ ਕੀਤੀ ਆਡੀਓ ਰਿਕਾਰਡਿੰਗ ਤੇ ਧਰਮਸੋਤ ਨੇ ਕਿਹਾ ਕਿ ਗੈਂਗਸਟਰ ਅਕਾਲੀ ਦਲ ਦੇ ਹੀ ਪਾਲੇ ਹੋਏ ਹਨ। ਅਕਾਲੀ ਸਰਕਾਰ ਦੌਰਾਨ ਅਕਾਲੀ ਦਲ ਨੇ ਕਈ ਗੈਂਗਸਟਰਾਂ ਨੂੰ ਪਾਲਿਆ ਸੀ ਜੋ ਹੁਣ ਕਾਂਗਰਸ ਦੇ ਖਿਲਾਫ ਵਰਤਣੇ ਸ਼ੁਰੂ ਕਰ ਦਿੱਤੇ ਹਨ।
ਕਾਬਲੇਗੌਰ ਹੈ ਕਿ ਮਜੀਠੀਆ ਨੇ ਅੱਜ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ਵਿੱਚ ਗੈਂਗਸਟਰਾਂ ਦੀ ਖੁੱਲ੍ਹ ਕੇ ਵਰਤੋਂ ਕੀਤਾ ਹੈ। ਮਜੀਠੀਆ ਨੇ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀ ਹੈ। ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਆਡੀਓ ਰਿਕਾਰਡਿੰਗ ਵਿੱਚ ਮਜੀਠਾ ਹਲਕੇ ਦਾ ਕਥਿਤ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਧਮਕਾ ਰਿਹਾ ਹੈ। ਮਜੀਠੀਆ ਨੇ ਪੁਲਿਸ ਅਧਿਕਾਰੀ ਦੀ ਵੀ ਆਡੀਓ ਰਿਕਾਰਡਿੰਗ ਜਾਰੀ ਕੀਤੀ ਜਿਸ ਵਿੱਚ ਅਕਾਲੀਆਂ ਨੂੰ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਨ ਦੀ ਗੱਲ ਕਹੀ ਜਾ ਰਹੀ ਹੈ।