ਚੰਡੀਗੜ੍ਹ: ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ 14 ਬੂਥਾਂ ਉੱਤੇ ਭਲਕੇ ਸਰਪੰਚ ਤੇ ਪੰਚ ਲਈ ਮੁੜ ਵੋਟਾਂ ਪੈਣਗੀਆਂ। ਇਸ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਇਸ ਲਈ ਪੈ ਰਹੀਆਂ ਹਨ ਕਿਉਂਕਿ ਇੱਥੇ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ। ਚੋਣ ਕਮਿਸ਼ਨ ਨੇ ਇਨ੍ਹਾਂ 14 ਥਾਵਾਂ ਉੱਤੇ ਦੋ ਜਨਵਰੀ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋ ਜਨਵਰੀ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।
ਚੋਣ ਕਮਿਸ਼ਨ ਮੁਤਾਬਕ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਤੇ ਬਲਾਕ ਹਰਸ਼ਾ ਛੀਨਾ ਦੀ ਪੰਚਾਇਤ ਦਾਲੇਹ ਦੀ ਸਮੁੱਚੀ ਪੰਚਾਇਤ, ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੀ ਪੰਚਾਇਤ ਬਜੁਰਗਵਾਲਾ ਦੀ ਸਮੁੱਚੀ ਪੰਚਾਇਤ ਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਤੇ 6 ਵਿੱਚ ਮੁੜ ਵੋਟਾਂ ਪੈਣਗੀਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਸਮੁੱਚੀ ਪੰਚਾਇਤ ਤੇ ਇਸੇ ਬਲਾਕ ਅਧੀਨ ਆਉਂਦੇ ਨਾਨਕਪੁਰਾ ਪਿੰਡ ਦੇ ਮਹੱਲਾ ਨਾਨਕਪੁਰਾ ਵਿੱਚ ਮੁੜ ਵੋਟਾਂ ਪੈਣਗੀਆਂ।
ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ਦੀ ਸਮੁੱਚੀ ਪੰਚਾਇਤ ਲਈ ਵੋਟਾਂ ਪੈਣਗੀਆਂ। ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਸਮੁੱਚੀ ਪੰਚਾਇਤ ਲਈ ਮੁੜ ਵੋਟਾਂ ਪੈਣਗੀਆਂ। ਜਲੰਧਰ ਦੇ ਗ੍ਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ਵਿੱਚ ਮੁੜ ਵੋਟਾਂ ਪੈਣਗੀਆਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਤੇ ਘਟੋਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ।