ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਐਸ.ਸੀ ਸੈੱਲ ਦੇ ਲੀਡਰਾਂ ਤੇ ਵਰਕਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵਰ੍ਹਾਈਆਂ। ਇਹ ਵਰਕਰ ਦਲਿਤ 'ਤੇ ਅੱਤਿਆਚਾਰਾਂ ਖ਼ਿਲਾਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਂਗਰਸ ਭਵਨ ਦੇ ਬਾਹਰ ਹੀ ਬੈਰੀਕੇਡਾਂ ਨਾਲ ਰੋਕ ਲਿਆ। ਜਦੋਂ ਕਾਂਗਰਸੀਆਂ ਵੱਲੋਂ ਬੈਰੀਕੇਡਾਂ 'ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 'ਤੇ ਜਲ ਤੋਪਾਂ ਵਰ੍ਹਾਈਆਂ ਗਈਆਂ। ਇਹ ਪ੍ਰਦਰਸ਼ਨ ਦੀ ਅਗਵਾਈ ਕਾਂਗਰਸੀ ਐਮ.ਐਲ.ਏ. ਤਰਲੋਚਨ ਸਿੰਘ ਸੂੰਡ ਕਰ ਰਹੇ ਸਨ।


ਜਲ ਤੋਪਾਂ ਕਾਰਨ ਜਦੋਂ ਕਾਂਗਰਸੀ ਭੱਜਣ ਲੱਗੇ ਤਾਂ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਬਾਅਦ 'ਚ ਛੱਡ ਦਿੱਤਾ। ਇਸ ਦਰਮਿਆਨ ਕਈ ਕਾਂਗਰਸੀਆਂ ਨੂੰ ਸੱਟਾਂ ਵੀ ਲੱਗੀਆਂ। ਜਲ ਤੋਪਾਂ ਦੀਆਂ ਬੁਛਾੜਾਂ ਸਮੇਂ ਕਾਂਗਰਸੀ ਸੜਕ 'ਤੇ ਵੀ ਡਿੱਗ ਪਏ। ਕਈ ਕਾਂਗਰਸੀ ਵਰਕਰਾਂ ਨੂੰ ਸੌਲਾਂ ਸੈਕਟਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਕਾਂਗਰਸ ਦੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਅਕਾਲੀ ਸਰਕਾਰ ਤੇ ਦੇਸ਼ 'ਚ ਮੋਦੀ ਸਰਕਾਰ ਦਲਿਤ ਭਾਈਚਾਰੇ 'ਤੇ ਵੱਡੇ ਅੱਤਿਆਚਾਰ ਕਰਵਾ ਰਹੀਆਂ ਹਨ। ਇਸ ਕਾਰਨ ਦਲਿਤ ਭਾਈਚਾਰੇ 'ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਕਾਂਗਰਸੀਆਂ ਨਾਲ ਧੱਕਾ ਕੀਤਾ ਹੈ ਕਿਉਂਕਿ ਲੋਕਤੰਤਰ 'ਚ ਪ੍ਰਦਰਸ਼ਨ ਕਰਨ ਸਾਡਾ ਹੱਕ ਹੈ ਪਰ ਪੁਲਿਸ ਨੇ ਹੱਕ 'ਤੇ ਹਮਲਾ ਕੀਤਾ ਹੈ।

ਦੱਸਣਯੋਗ ਹੈ ਕਿ ਪੰਜਾਬ 'ਚ ਦਲਿਤ ਭਾਈਚਾਰੇ 'ਤੇ ਪਿਛਲੇ ਸਮੇਂ ਵੱਡੇ ਅੱਤਿਆਚਾਰ ਹੋਏ ਹਨ। ਅਬੋਹਰ, ਮਾਨਸਾ ਤੇ ਤਰਨ ਤਾਰਨ ਦੇ ਦਲਿਤ ਕਾਂਡ ਮੀਡੀਆ ਦੀਆਂ ਵੱਡੀਆਂ ਸੁਰਖੀਆਂ ਬਣੇ। ਪੰਜਾਬ 'ਚ ਦਲਿਤ ਭਾਈਚਾਰੇ ਦੀ ਵੱਡੀ ਆਬਾਦੀ ਹੈ ਤੇ ਹਰ ਸਿਆਸੀ ਪਾਰਟੀ ਦਲਿਤ ਵੋਟ ਬੈਂਕ ਦਾ ਮਨ ਜਿੱਤਣ ਲਈ ਉਨ੍ਹਾਂ 'ਤੇ ਡੋਰੇ ਪਾ ਰਹੀ ਹੈ।