ਲੁਧਿਆਣਾ: ਅਧੂਰੀ ਉਸਾਰੀ ਕਾਰਜਾਂ ਕਾਰਨ ਜਲੰਧਰ ਨੂੰ ਜਾਂਦੀ ਜੀਟੀ ਰੋਡ 'ਤੇ ਸਤਲੁਜ ਦਰਿਆ ਉੱਪਰ ਲਾਢੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਕਾਂਗਰਸੀਆਂ ਵੱਲੋਂ ਟੋਲ ਪਲਾਜ਼ਾ 'ਤੇ ਲੋਕਾਂ ਤੋਂ ਵਸੂਲੇ ਜਾ ਰਹੇ ਕਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਵਾਹਨ ਸਿੱਧੇ ਲੰਘਵਾਏ ਜਾ ਰਹੇ ਹਨ।
ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਵਾਲੀ ਕੰਪਨੀ ਹੁਣ ਤਕ ਇਸ ਟੋਲ ਤੋਂ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ, ਪਰ ਹਾਲੇ ਤਕ ਪੂਰੀ ਸੜਕ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮੁੱਖ ਪੁਲਾਂ ਦੀ ਉਸਾਰੀ ਅੱਧ ਵਿਚਕਾਰ ਹੀ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲੁਧਿਆਣਾ ਦੇ ਪੁਲਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਹ ਇਸ ਟੋਲ ਪਲਾਜ਼ਾ ਨੂੰ ਚੱਲਣ ਨਹੀਂ ਦੇਣਗੇ।
ਉੱਧਰ, ਟੋਲ ਪਲਾਜ਼ਾ ਦੇ ਅਧਿਕਾਰੀ ਨਿਵਾਸ ਤਿਵਾਰੀ ਨੇ ਕਿਹਾ ਹੈ ਕਿ ਉਹ ਰਵਨੀਤ ਬਿੱਟੂ ਸਮੇਤ ਹੋਰਨਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਤੌਰ 'ਤੇ ਹੀ ਟੋਲ ਵਸੂਲ ਰਹੇ ਹਨ ਅਤੇ ਇੱਥੇ ਕੁਝ ਵੀ ਗ਼ਲਤ ਨਹੀਂ ਹੈ।