ਅੰਮ੍ਰਿਤਸਰ:ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਵਿਧਾਨ ਸਭਾ 'ਚ ਬਿੱਲ ਲਿਆਉਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਹੁਣ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਸੰਬੰਧੀ ਚੁੱਕੇ ਕਦਮ ਬਾਰੇ ਲਾਮਬੱਧ ਕਰੇਗੀ।

ਇਸ ਬਾਬਤ ਕਾਂਗਰਸ ਪਾਰਟੀ ਵੱਲੋਂ ਸਮੁੱਚੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਰੈਲੀਆਂ ਕਰਨ ਦੀ ਯੋਜਨਾ ਘੜੀ ਗਈ ਹੈ, ਜਿਸ ਦੀ ਸ਼ੁਰੂਆਤ ਬੁੱਧਵਾਰ 28 ਅਕਤੂਬਰ ਤੋਂ ਮਾਝੇ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੀਤੀ ਜਾਵੇਗੀ।ਜਿਸ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸ਼ਿਰਕਤ ਕਰਨਗੇ।

ਪਹਿਲਾਂ ਕਾਂਗਰਸ ਵੱਲੋਂ ਮਾਝਾ, ਦੋਆਬਾ ਤੇ ਮਾਲਵਾ ਖੇਤਰ 'ਚ ਤਿੰਨ ਵੱਡੀਆਂ ਰੈਲੀਆਂ ਕਰਨ ਦੀ ਯੋਜਨਾ ਸੀ ਪਰ ਵਿਧਾਇਕਾਂ ਦੀ ਮੰਗ ਤੋਂ ਬਾਅਦ ਸਮੁੱਚੇ ਵਿਧਾਨ ਸਭਾ ਹਲਕਿਆਂ 'ਚ ਰੈਲੀਆਂ ਕਰਨ ਦੀ ਯੋਜਨਾ ਬਣਾਈ ਗਈ, ਜਿਸ ਨੂੰ ਕਾਂਗਰਸ ਹਾਈਕਮਾਂਡ ਨੇ ਮਨਜ਼ੂਰੀ ਦੇ ਦਿੱਤੀ ਤੇ ਹੁਣ ਮਾਝੇ ਵਿਚੋਂ ਇਨ੍ਹਾਂ ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।