ਚੰਡੀਗੜ੍ਹ: ਪੰਜਾਬ ਦੇ ਕਾਂਗਰਸੀ ਸਾਂਸਦ ਲੋਕ ਸਭਾ ਤੇ ਰਾਜ ਸਭਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਮੁੱਦਾ ਚੁੱਕਣਗੇ। ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਾਰੇ ਹੀ ਸਾਂਸਦਾਂ ਨੂੰ ਐਸਜੀਪੀਸੀ ਚੋਣਾਂ ਕਰਾਉਣ ਲਈ ਆਵਾਜ਼ ਉਠਾਉਣ ਲਈ ਬੇਨਤੀ ਕੀਤੀ ਹੈ।


ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਸਾਂਸਦਾਂ ਦਾ ਵਫ਼ਦ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰੇਗਾ। ਉਧਰ ਜਾਖੜ ਨੇ ਅਕਾਲੀ ਦਲ ਤੇ ਇਲਜ਼ਾਮ ਲਾਉਂਦੇ ਕਿਹਾ ਇਹ ਲੋਕ ਧਰਮ ਦੇ ਨਾਂ 'ਤੇ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਆ ਰਹੇ ਹਨ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਐਸਜੀਪੀਸੀ ਨੂੰ ਬਾਦਲ ਪਰਿਵਾਰ ਤੋਂ ਛੁਡਾਉਣਾ ਬਹੁਤ ਜ਼ਰੂਰੀ ਹੈ।

ਇਸੇ ਦੌਰਾਨ ਸੁਨੀਲ ਜਾਖੜ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਐਸਜੀਪੀਸੀ ਦੇ ਚੁੱਕੇ ਗਏ ਮੁੱਦੇ ਦੀ ਸ਼ਲਾਘਾ ਕੀਤੀ। ਜਾਖੜ ਨੇ ਕਿਹਾ ਢੀਂਡਸਾ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਦਾ ਵੀ ਅਕਾਲੀ ਦਲ 'ਚ ਹੁਣ ਦਮ ਘੁੱਟੇਗਾ।

ਜਾਖੜ ਨੇ ਭਾਜਪਾ-ਅਕਾਲੀ ਗੱਠਜੋੜ ਤੇ ਬੋਲਦੇ ਹੋਏ ਕਿਹਾ ਕਿ "ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗਠਬੰਧਨ ਤੋੜ ਕੇ ਇਨ੍ਹਾਂ ਨੂੰ ਆਪਣੀ ਜਗ੍ਹਾ ਦਿਖਾ ਦਿੱਤੀ ਹੈ।" ਜਾਖੜ ਨੇ ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤੇ ਨੂੰ ਇੱਕ ਮਜਬੂਰੀ ਦਾ ਰਿਸ਼ਤਾ ਦੱਸਿਆ ਤੇ ਕਿਹਾ ਕਿ ਸਮਾਜਿਕ ਹੱਕ ਦੇ ਵਿੱਚ ਨਹੀਂ ਮਜਬੂਰਨ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਗੱਠਜੋੜ ਕਰੀ ਬੈਠੀਆਂ ਹਨ।