ਅੰਮ੍ਰਿਤਸਰ: "ਕਾਂਗਰਸ ਨੇ ਪੰਚਾਇਤੀ ਚੋਣਾਂ ਵਿੱਚ ਗੈਂਗਸਟਰਾਂ ਦੀ ਖੁੱਲ੍ਹ ਕੇ ਵਰਤੋਂ ਕੀਤਾ ਹੈ।" ਇਹ ਇਲਜ਼ਾਮ ਲਾਉਂਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਗੈਂਗਸਟਰਾਂ ਦੀ ਮਦਦ ਲੈਣ ਦੇ ਲਾਉਂਦਿਆਂ ਮਜੀਠੀਆ ਨੇ ਆਡੀਓ ਰਿਕਾਰਡਿੰਗਜ਼ ਜਾਰੀ ਕੀਤੀਆਂ ਹਨ।
ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਆਡੀਓ ਰਿਕਾਰਡਿੰਗ ਵਿੱਚ ਮਜੀਠਾ ਹਲਕੇ ਦਾ ਕਥਿਤ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਧਮਕਾ ਰਿਹਾ ਹੈ। ਮਜੀਠੀਆ ਨੇ ਪੁਲਿਸ ਅਧਿਕਾਰੀ ਦੀ ਵੀ ਆਡੀਓ ਰਿਕਾਰਡਿੰਗ ਜਾਰੀ ਕੀਤੀ ਜਿਸ ਵਿੱਚ ਅਕਾਲੀਆਂ ਨੂੰ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮਜੀਠੀਆ ਨੇ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆ ਕਿਹਾ ਕਿ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਤੇ ਰਾਹੁਲ ਗਾਂਧੀ ਦਾ ਮਾਡਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਤਬਾਹ ਕਰ ਰਿਹਾ ਹੈ। ਇੱਥੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ।
ਇਸ ਮੌਕੇ ਮਜੀਠੀਆ ਨੇ ਟਕਸਾਲੀ ਅਕਾਲੀਆਂ ਬਾਰੇ ਪੁੱਛੇ ਸਵਾਲ 'ਤੇ ਗੋਲਮੋਲ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕੋਈ ਜਵਾਬ ਨਹੀਂ ਦੇਣਗੇ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉੱਪਰ ਬਣਾਈ ਗਈ ਫਿਲਮ ਬਾਰੇ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਡਾ. ਮਨਮੋਹਨ ਸਿੰਘ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਜਿੰਨਾ ਚਿਰ ਫਿਲਮ ਨਹੀਂ ਦੇਖਦੇ, ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਮਜੀਠੀਆ ਨੇ ਨਾਲ ਹੀ ਕਿਹਾ ਕਿ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਨੂੰ ਛੱਡ ਕੇ ਉਹ ਦੇਸ਼ ਦੇ ਹਰੇਕ ਪ੍ਰਧਾਨ ਮੰਤਰੀ ਦੀ ਇੱਜ਼ਤ ਕਰਦੇ ਹਨ।